ਓਨਟਾਰੀਓ ਵਿੱਚ ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਖ਼ਿਲਾਫ਼ ਵੱਡੀ ਕਾਰਵਾਈ, 63 ਮੁਲਜ਼ਮ ਗ੍ਰਿਫ਼ਤਾਰ

ਓਨਟਾਰੀਓ ਵਿੱਚ ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਖ਼ਿਲਾਫ਼ ਵੱਡੀ ਕਾਰਵਾਈ, 63 ਮੁਲਜ਼ਮ ਗ੍ਰਿਫ਼ਤਾਰ

ਓਨਟਾਰੀਓ-ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਖ਼ਿਲਾਫ਼ ਚਲਾਈ ਗਈ ਸੂਬਾ-ਪੱਧਰੀ ਮੁਹਿੰਮ 'ਪ੍ਰੋਜੈਕਟ ਟਾਈਮ' ਤਹਿਤ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 63 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ 213 ਅਪਰਾਧਿਕ ਦੋਸ਼ ਦਰਜ ਕੀਤੇ ਹਨ।ਪੁਲਿਸ ਅਨੁਸਾਰ ਇਸ ਮੁਹਿੰਮ ਦੌਰਾਨ 51 ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਲੋੜੀਂਦੀਆਂ ਸਹਾਇਤਾ ਸੇਵਾਵਾਂ ਨਾਲ ਜੋੜਿਆ ਗਿਆ। ਜਾਂਚ ਦੌਰਾਨ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨਾਲ ਸਬੰਧਤ 264 ਮਾਮਲਿਆਂ ਦੀ ਜਾਂਚ ਕੀਤੀ ਗਈ ਅਤੇ 814 ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਵਿਅਕਤੀ ਅਜਿਹੇ ਅਹੁਦਿਆਂ 'ਤੇ ਸਨ, ਜਿਨ੍ਹਾਂ ਨੂੰ ਸਮਾਜ ਵਿੱਚ ਭਰੋਸੇ ਅਤੇ ਜ਼ਿੰਮੇਵਾਰੀ ਵਾਲਾ ਮੰਨਿਆ ਜਾਂਦਾ ਹੈ, ਜਦਕਿ ਅੱਠ ਮੁਲਜ਼ਮ ਪਹਿਲਾਂ ਵੀ ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਰਹਿ ਚੁੱਕੇ ਹਨ।ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਨਾਲ ਜੁੜੇ 154 ਹੋਰ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਕਮਿਸ਼ਨਰ ਥਾਮਸ ਕੈਰੀਕ ਨੇ ਕਿਹਾ ਕਿ ਹਰ ਬੱਚੇ ਨੂੰ ਆਨਲਾਈਨ ਅਤੇ ਆਪਣੇ ਸਮਾਜ ਵਿੱਚ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਅਪਰਾਧਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ।