ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਤੋਂ ਤਮਗਿਆਂ ਦੀ ਉਮੀਦ, ਕਈ ਅਹਿਮ ਮੁਕਾਬਲੇ ਅੱਜ

ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਤੋਂ ਤਮਗਿਆਂ ਦੀ ਉਮੀਦ, ਕਈ ਅਹਿਮ ਮੁਕਾਬਲੇ ਅੱਜ

ਗਲਾਸਗੋ-2026 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀ ਕਈ ਅਹਿਮ ਅਤੇ ਤਮਗਾ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਪਹਿਲੇ ਹੀ ਦਿਨ ਮੁੱਕੇਬਾਜ਼ ਲਵਲੀਨਾ ਬੋਰਗੋਹੈਨ ਨੇ 75 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਕੇ ਭਾਰਤ ਲਈ ਘੱਟੋ-ਘੱਟ ਕਾਂਸੀ ਦਾ ਤਮਗਾ ਪੱਕਾ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਦਲ ਦਾ ਹੌਸਲਾ ਕਾਫ਼ੀ ਵਧਿਆ ਹੈ।

ਲਵਲੀਨਾ ਨੂੰ ਪਹਿਲੇ ਦੌਰ ਵਿੱਚ ਬਾਈ ਮਿਲਣ ਕਾਰਨ ਉਹ ਸਿੱਧੇ ਸੈਮੀਫਾਈਨਲ ਵਿੱਚ ਪਹੁੰਚ ਗਈ ਅਤੇ ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਤਮਗਾ ਵੀ ਯਕੀਨੀ ਹੋ ਗਿਆ। ਉਹ ਹੁਣ 31 ਜੁਲਾਈ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਉਤਰਣਗੀਆਂ।ਇਸ ਤੋਂ ਇਲਾਵਾ ਲਾਅਨ ਬੌਲਜ਼ ਵਿੱਚ ਵੀ ਭਾਰਤ ਨੂੰ ਪਹਿਲੇ ਦਿਨ ਸਫਲਤਾ ਮਿਲੀ। ਮਹਿਲਾ ਜੋੜੀ ਮੁਕਾਬਲੇ ਵਿੱਚ ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਿੰਘ ਨੇ ਮਾਲਟਾ ਦੀ ਜੋੜੀ ਨੂੰ ਰੋਮਾਂਚਕ ਟਾਈਬ੍ਰੇਕਰ ਵਿੱਚ ਹਰਾਕੇ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਪਹਿਲਾ ਸੈੱਟ 7-1 ਨਾਲ ਆਪਣੇ ਨਾਮ ਕੀਤਾ, ਪਰ ਮਾਲਟਾ ਨੇ ਦੂਜੇ ਸੈੱਟ ਵਿੱਚ ਵਾਪਸੀ ਕੀਤੀ। ਆਖ਼ਰਕਾਰ ਟਾਈਬ੍ਰੇਕਰ ਵਿੱਚ ਪਿੰਕੀ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਮੁਕਾਬਲਾ ਜਿੱਤ ਲਿਆ।

ਅੱਜ ਭਾਰਤ ਦੇ ਖਿਡਾਰੀ ਜਿਮਨਾਸਟਿਕਸ, ਤੈਰਾਕੀ, ਪੈਰਾ ਤੈਰਾਕੀ, ਪੈਰਾ ਪਾਵਰਲਿਫਟਿੰਗ, ਲਾਅਨ ਬੌਲਜ਼ ਅਤੇ ਮੁੱਕੇਬਾਜ਼ੀ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਖ਼ਾਸ ਤੌਰ 'ਤੇ ਪੈਰਾ ਪਾਵਰਲਿਫਟਿੰਗ ਦੇ ਕਈ ਤਮਗਾ ਮੁਕਾਬਲੇ ਹੋਣ ਕਾਰਨ ਭਾਰਤੀ ਦਲ ਨੂੰ ਹੋਰ ਤਮਗਿਆਂ ਦੀ ਉਮੀਦ ਹੈ।

ਗੌਰਤਲਬ ਹੈ ਕਿ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਦੇ ਤਮਗਿਆਂ ਸਮੇਤ ਕੁੱਲ 61 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ। ਇਸ ਵਾਰ ਭਾਰਤੀ ਦਲ ਉਸ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਦੇ ਇਰਾਦੇ ਨਾਲ ਗਲਾਸਗੋ ਵਿੱਚ ਉਤਰਾ ਹੈ।ਅੱਜ ਦੇ ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਦੇਸ਼ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।