ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਗਮਾ ਜਿੱਤਿਆ

ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਗਮਾ ਜਿੱਤਿਆ

ਗਲਾਸਗੋ-ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ (CWG 2026) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 48 ਕਿਲੋਗ੍ਰਾਮ ਵਰਗ ਵਿੱਚ 190 ਕਿਲੋਗ੍ਰਾਮ ਭਾਰ ਚੁੱਕ ਕੇ ਲਗਾਤਾਰ ਤੀਜਾ ਸੋਨ ਤਗਮਾ ਆਪਣੇ ਨਾਮ ਕਰ ਲਿਆ।ਇਸ ਜਿੱਤ ਨਾਲ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਚੌਥਾ ਲਗਾਤਾਰ ਤਗਮਾ ਵੀ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਇੱਕ ਚਾਂਦੀ ਅਤੇ ਲਗਾਤਾਰ ਦੋ ਸੋਨ ਤਗਮੇ ਜਿੱਤ ਚੁੱਕੀ ਸੀ।

ਸਾਲ 2014 ਵਿੱਚ ਸਿਰਫ਼ 20 ਸਾਲ ਦੀ ਉਮਰ ਵਿੱਚ ਮੀਰਾਬਾਈ ਨੇ ਪਹਿਲੀ ਵਾਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ ਸੀ। ਉਸ ਵੇਲੇ ਉਹ ਭਾਰਤ ਦੀ ਉਭਰਦੀ ਹੋਈ ਵੇਟਲਿਫਟਰ ਸੀ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਸੀ।ਹੁਣ, 12 ਸਾਲ ਬਾਅਦ, ਉਸੇ ਗਲਾਸਗੋ ਸ਼ਹਿਰ ਵਿੱਚ ਮੀਰਾਬਾਈ ਨੇ ਇੱਕ ਵਾਰ ਫਿਰ ਆਪਣੀ ਬਾਦਸ਼ਾਹਤ ਸਾਬਤ ਕਰਦਿਆਂ ਲਗਾਤਾਰ ਤੀਜਾ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।ਮੁਕਾਬਲੇ ਦੌਰਾਨ ਮੀਰਾਬਾਈ ਆਪਣੇ ਪਹਿਲੇ ਸਨੈਚ ਅਤੇ ਕਲੀਨ ਐਂਡ ਜਰਕ ਦੇ ਯਤਨਾਂ ਵਿੱਚ ਸਫਲ ਨਹੀਂ ਹੋ ਸਕੀ। ਪਰ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਕੁੱਲ 190 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ।

ਮੀਰਾਬਾਈ ਚਾਨੂ ਦਾ ਮੁੱਖ ਟੀਚਾ ਹੁਣ ਆਉਣ ਵਾਲੀਆਂ ਏਸ਼ਿਆਈ ਖੇਡਾਂ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਹੋਰ ਸੋਨ ਤਗਮਾ ਜਿੱਤਣ ਤੋਂ ਬਾਅਦ ਉਹ ਏਸ਼ੀਆਈ ਮੰਚ 'ਤੇ ਵੀ ਭਾਰਤ ਲਈ ਤਗਮਾ ਜਿੱਤਣ ਦੀ ਤਿਆਰੀ ਵਿੱਚ ਜੁਟੀ ਹੋਈ ਹੈ।ਮੀਰਾਬਾਈ ਦੀ ਇਸ ਇਤਿਹਾਸਕ ਉਪਲਬਧੀ ਨਾਲ ਭਾਰਤ ਦੇ ਤਗਮਿਆਂ ਦੀ ਗਿਣਤੀ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ।