ਭਾਰਤ-ਏ ਵਿਰੁੱਧ ਅਫਗਾਨਿਸਤਾਨ-ਏ: ਫਾਈਨਲ ਦੀ ਉਮੀਦ ਬਰਕਰਾਰ ਰੱਖਣ ਲਈ ਅੱਜ ਜਿੱਤ ਲਾਜ਼ਮੀ

ਭਾਰਤ-ਏ ਵਿਰੁੱਧ ਅਫਗਾਨਿਸਤਾਨ-ਏ: ਫਾਈਨਲ ਦੀ ਉਮੀਦ ਬਰਕਰਾਰ ਰੱਖਣ ਲਈ ਅੱਜ ਜਿੱਤ ਲਾਜ਼ਮੀ

ਦੰਬੁੱਲਾ-ਤਿਕੋਣੀ ਇੱਕ-ਦਿਵਸੀਏ ਸੀਰੀਜ਼ ਵਿੱਚ ਲਗਾਤਾਰ ਦੋ ਹਾਰਾਂ ਤੋਂ ਬਾਅਦ ਭਾਰਤ-ਏ ਦੀ ਟੀਮ ਅੱਜ ਅਫਗਾਨਿਸਤਾਨ-ਏ ਖ਼ਿਲਾਫ਼ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਉਤਰੇਗੀ। ਤਿਲਕ ਵਰਮਾ ਦੀ ਅਗਵਾਈ ਵਾਲੀ ਟੀਮ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਾਰ ਦੀ ਸੂਰਤ ਵਿੱਚ ਭਾਰਤ-ਏ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ।ਭਾਰਤ-ਏ ਇਸ ਵੇਲੇ 2 ਅੰਕਾਂ ਨਾਲ ਅੰਕ ਸੂਚੀ ਵਿੱਚ ਹੈ, ਜਦਕਿ ਸ਼੍ਰੀਲੰਕਾ-ਏ ਅਤੇ ਅਫਗਾਨਿਸਤਾਨ-ਏ ਦੇ 4-4 ਅੰਕ ਹਨ। ਜੇਕਰ ਭਾਰਤ ਅੱਜ ਜਿੱਤ ਜਾਂਦਾ ਹੈ ਤਾਂ ਉਸ ਦੇ ਵੀ 4 ਅੰਕ ਹੋ ਜਾਣਗੇ ਅਤੇ ਫਾਈਨਲ ਦੀਆਂ ਸੰਭਾਵਨਾਵਾਂ ਜ਼ਿੰਦਾ ਰਹਿਣਗੀਆਂ।

ਅੱਜ ਦੇ ਮੈਚ ਤੋਂ ਬਾਅਦ ਅਫਗਾਨਿਸਤਾਨ-ਏ 19 ਜੂਨ ਨੂੰ ਸ਼੍ਰੀਲੰਕਾ-ਏ ਨਾਲ ਭਿੜੇਗਾ। ਜੇਕਰ ਅਫਗਾਨਿਸਤਾਨ ਉਹ ਮੈਚ ਜਿੱਤਦਾ ਹੈ ਤਾਂ ਤਿੰਨਾਂ ਟੀਮਾਂ ਦੇ 4-4 ਅੰਕ ਹੋ ਜਾਣਗੇ ਅਤੇ ਫੈਸਲਾ ਨੈੱਟ ਰਨ ਰੇਟ ਦੇ ਆਧਾਰ 'ਤੇ ਹੋਵੇਗਾ। ਮੌਜੂਦਾ ਸਮੇਂ ਭਾਰਤ-ਏ ਦਾ ਨੈੱਟ ਰਨ ਰੇਟ ਅਫਗਾਨਿਸਤਾਨ ਨਾਲੋਂ ਬਿਹਤਰ ਹੈ।ਪਿਛਲੇ ਮੈਚ ਵਿੱਚ ਸ਼੍ਰੀਲੰਕਾ-ਏ ਖ਼ਿਲਾਫ਼ ਸੁਪਰ ਓਵਰ ਵਿੱਚ ਮਿਲੀ ਹਾਰ ਤੋਂ ਬਾਅਦ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਕੁਝ ਸ਼੍ਰੀਲੰਕਾਈ ਖਿਡਾਰੀਆਂ ਵਿਚਾਲੇ ਹੋਈ ਤਕਰਾਰ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਭਾਰਤ-ਏ ਦੇ ਕੋਚ ਸੈਰਾਜ ਬਹੁਤੁਲੇ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਸੀ ਅਤੇ ਨੌਜਵਾਨ ਖਿਡਾਰੀ ਨੂੰ ਇਸ ਤੋਂ ਸਬਕ ਮਿਲੇਗਾ।

ਉਨ੍ਹਾਂ ਕਿਹਾ, “ਵੈਭਵ ਇੱਕ ਸ਼ਾਂਤ ਸੁਭਾਅ ਦਾ ਖਿਡਾਰੀ ਹੈ। ਤਜਰਬੇਕਾਰ ਕੋਚ ਉਸ ਨਾਲ ਗੱਲ ਕਰਨਗੇ ਅਤੇ ਉਹ ਸਮਝੇਗਾ ਕਿ ਅਜਿਹੀਆਂ ਸਥਿਤੀਆਂ ਨਾਲ ਕਿਵੇਂ ਨਜਿੱਠਣਾ ਹੈ। ਮੈਨੂੰ ਯਕੀਨ ਹੈ ਕਿ ਉਹ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਦੁਹਰਾਏਗਾ।”