ਸ਼ੇਰਵੁੱਡ ਪਾਰਕ ਦੀ ਕੌਫੀ ਸ਼ਾਪ ਤੋਂ ਹੈਪੇਟਾਈਟਸ-ਏ ਦੇ ਸੰਭਾਵਿਤ ਖਤਰੇ ਬਾਰੇ ਚੇਤਾਵਨੀ

ਸ਼ੇਰਵੁੱਡ ਪਾਰਕ ਦੀ ਕੌਫੀ ਸ਼ਾਪ ਤੋਂ ਹੈਪੇਟਾਈਟਸ-ਏ ਦੇ ਸੰਭਾਵਿਤ ਖਤਰੇ ਬਾਰੇ ਚੇਤਾਵਨੀ

ਸ਼ੇਰਵੁੱਡ ਪਾਰਕ: ਅਲਬਰਟਾ ਦੇ ਸਿਹਤ ਅਧਿਕਾਰੀਆਂ ਵੱਲੋਂ ਸ਼ੇਰਵੁੱਡ ਪਾਰਕ ਦੀ Roasti Coffee Co. ਤੋਂ ਖਾਣਾ-ਪੀਣਾ ਕਰਨ ਵਾਲੇ ਲੋਕਾਂ ਲਈ ਹੈਪੇਟਾਈਟਸ-ਏ ਦੇ ਸੰਭਾਵਿਤ ਸੰਪਰਕ ਸਬੰਧੀ ਜਨਤਕ ਚੇਤਾਵਨੀ ਜਾਰੀ ਕੀਤੀ ਗਈ ਹੈ।ਅਧਿਕਾਰੀਆਂ ਮੁਤਾਬਕ 52 Brentwood Blvd #19, Sherwood Park ਸਥਿਤ ਇਸ ਕੌਫੀ ਸ਼ਾਪ ਤੋਂ 4 ਅਗਸਤ ਅਤੇ 13 ਅਗਸਤ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤਿਆਰ ਕੀਤਾ ਖਾਣਾ ਜਾਂ ਪੀਣ ਵਾਲੀਆਂ ਚੀਜ਼ਾਂ ਲੈਣ ਵਾਲੇ ਲੋਕ ਸੰਭਾਵਿਤ ਤੌਰ ’ਤੇ ਹੈਪੇਟਾਈਟਸ-ਏ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ।

ਸਿਹਤ ਵਿਭਾਗ ਨੇ ਪ੍ਰਭਾਵਿਤ ਹੋ ਸਕਣ ਵਾਲੇ ਲੋਕਾਂ ਨੂੰ Health Link 811 ’ਤੇ ਫੋਨ ਕਰਕੇ ਆਪਣੇ ਸੰਪਰਕ ਅਤੇ ਸਿਹਤ ਖਤਰੇ ਦਾ ਮੁਲਾਂਕਣ ਕਰਵਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਸੰਭਾਵਿਤ ਸੰਪਰਕ ਤੋਂ 14 ਦਿਨਾਂ ਦੇ ਅੰਦਰ ਪੋਸਟ-ਐਕਸਪੋਜ਼ਰ ਟੀਕਾਕਰਨ ਕਰਵਾਉਣ ਨਾਲ ਬਿਮਾਰੀ ਤੋਂ ਬਚਾਅ ਵਿੱਚ ਮਦਦ ਮਿਲ ਸਕਦੀ ਹੈ।

ਹੈਪੇਟਾਈਟਸ-ਏ ਜਿਗਰ ਨੂੰ ਪ੍ਰਭਾਵਿਤ ਕਰਨ ਵਾਲੀ ਵਾਇਰਲ ਬਿਮਾਰੀ ਹੈ, ਜੋ ਦੂਸ਼ਿਤ ਖਾਣੇ ਜਾਂ ਪਾਣੀ ਅਤੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਸਕਦੀ ਹੈ।ਇਸ ਦੇ ਲੱਛਣਾਂ ਵਿੱਚ ਥਕਾਵਟ, ਭੁੱਖ ਘੱਟ ਲੱਗਣਾ, ਮਤਲੀ, ਉਲਟੀਆਂ, ਪੇਟ ਦਰਦ ਅਤੇ ਬੁਖਾਰ ਸ਼ਾਮਲ ਹਨ। ਬਾਅਦ ਵਿੱਚ ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ ਅਤੇ ਅੱਖਾਂ ਜਾਂ ਚਮੜੀ ਦਾ ਪੀਲਾ ਪੈਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ।ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਪਰੋਕਤ ਮਿਤੀਆਂ ਅਤੇ ਸਮੇਂ ਦੌਰਾਨ Roasti Coffee Co. ਤੋਂ ਖਾਣਾ ਜਾਂ ਪੀਣ ਵਾਲੀ ਚੀਜ਼ ਲਈ ਸੀ, ਉਹ ਬਿਨਾਂ ਦੇਰੀ 811 ’ਤੇ ਸੰਪਰਕ ਕਰਨ ਅਤੇ ਆਪਣੀ ਸਥਿਤੀ ਬਾਰੇ ਸਿਹਤ ਮਾਹਿਰ ਤੋਂ ਸਲਾਹ ਲੈਣ।