ਅਲਬਰਟਾ ਦੇ ਛੇ ਸਾਲਾ ਬੱਚੇ ਲਈ ਜਾਰੀ ਐਂਬਰ ਅਲਰਟ ਬੀ.ਸੀ. ਅਤੇ ਉੱਤਰੀ ਖੇਤਰਾਂ ਤੱਕ ਵਧਾਇਆ ਗਿਆ
ਅਲਬਰਟਾ-ਅਲਬਰਟਾ ਦੇ ਛੇ ਸਾਲਾ ਲੜਕੇ ਲਨਾਕਾਈ ਮੌਰਿਸਨ (Lanakai Morrison) ਦੀ ਭਾਲ ਲਈ ਜਾਰੀ ਕੀਤਾ ਗਿਆ ਐਂਬਰ ਅਲਰਟ ਹੁਣ ਪੂਰੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਅਤੇ ਨਾਰਥਵੈਸਟ ਟੈਰਿਟਰੀਜ਼ ਦੇ ਵੱਡੇ ਹਿੱਸੇ ਸਮੇਤ ਯੂਕਨ ਤੱਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵੱਲੋਂ ਦਿੱਤੀ ਗਈ ਹੈ।
ਆਰ.ਸੀ.ਐਮ.ਪੀ. ਮੁਤਾਬਕ ਅਲਬਰਟਾ-ਬੀ.ਸੀ. ਸਰਹੱਦ ਨੇੜੇ ਪੁਲਿਸ ਨੇ ਬੁੱਧਵਾਰ ਦੇਰ ਰਾਤ ਐਂਬਰ ਅਲਰਟ ਜਾਰੀ ਕੀਤਾ ਸੀ। ਛੇ ਸਾਲਾ ਲਨਾਕਾਈ ਮੌਰਿਸਨ ਦਾ ਹਾਵ-ਭਾਵ ਗੋਰਾ, ਸਰੀਰ ਪਤਲਾ, ਹਲਕੇ ਭੂਰੇ ਰੰਗ ਦੇ ਵਾਲ ਅਤੇ ਭੂਰੀਆਂ ਅੱਖਾਂ ਵਾਲਾ ਦੱਸਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਬੱਚੇ ਨੂੰ 9 ਜੁਲਾਈ ਨੂੰ ਅਲਬਰਟਾ ਦੇ ਵੈਲਹਾਲਾ ਸੈਂਟਰ (Valhalla Centre) ਤੋਂ ਲਿਜਾਇਆ ਗਿਆ ਸੀ। ਇਹ ਇਲਾਕਾ ਗ੍ਰਾਂਡ ਪ੍ਰੇਰੀ ਤੋਂ ਲਗਭਗ 63 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੈ।
ਜਾਂਚ ਅਧਿਕਾਰੀਆਂ ਅਨੁਸਾਰ ਲਨਾਕਾਈ ਨੂੰ ਆਖ਼ਰੀ ਵਾਰ ਵੀਰਵਾਰ ਸਵੇਰੇ ਕਰੀਬ 9:30 ਵਜੇ ਬੀ.ਸੀ. ਦੇ ਫੋਰਟ ਸੇਂਟ ਜੌਨ (Fort St. John) ਵਿੱਚ ਦੇਖਿਆ ਗਿਆ ਸੀ, ਜੋ ਵੈਲਹਾਲਾ ਸੈਂਟਰ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵੱਲ ਹੈ।
ਪੁਲਿਸ ਦਾ ਮੰਨਣਾ ਹੈ ਕਿ ਬੱਚਾ ਆਪਣੀ 35 ਸਾਲਾ ਮਾਂ ਕ੍ਰਿਸਟਾ ਮੌਰਿਸਨ (Krista Morrison) ਅਤੇ ਉਸ ਦੇ 35 ਸਾਲਾ ਸਾਥੀ ਡੈਨੀਅਲ ਲੁਡਵਿਗ (Daniel Ludwig) ਦੇ ਨਾਲ ਹੋ ਸਕਦਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਚਾਰ ਸਾਲਾ ਕਾਰਲ ਮੌਰਿਸਨ (Karl Morrison) ਵੀ ਉਨ੍ਹਾਂ ਦੇ ਨਾਲ ਯਾਤਰਾ ਕਰ ਰਿਹਾ ਹੋ ਸਕਦਾ ਹੈ।
ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਇੱਕ ਕਾਲੇ ਰੰਗ ਦੀ 2015 ਮਾਡਲ ਟੋਯੋਟਾ ਟੁੰਡਰਾ (Toyota Tundra) ਦੀ ਭਾਲ ਕਰ ਰਹੀ ਸੀ, ਪਰ ਉਹ ਵਾਹਨ ਬਰਾਮਦ ਕਰ ਲਿਆ ਗਿਆ ਹੈ।
ਹੁਣ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਵਾਹਨ ਬਦਲ ਲਿਆ ਹੈ ਅਤੇ ਉਹ ਇਸ ਵੇਲੇ 2006 ਮਾਡਲ ਦੀ ਲਾਲ ਰੰਗ ਦੀ ਫੋਰਡ ਐੱਫ-350 (Ford F350) ਪਿਕਅੱਪ ਚਲਾ ਰਹੇ ਹਨ, ਜਿਸ ਦਾ ਅਲਬਰਟਾ ਲਾਇਸੈਂਸ ਪਲੇਟ ਨੰਬਰ CXW8820 ਹੈ।
ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਵਾਹਨ ਜਾਂ ਸੰਬੰਧਿਤ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਖੁਦ ਉਨ੍ਹਾਂ ਕੋਲ ਨਾ ਜਾਣ। ਇਸ ਦੀ ਬਜਾਏ ਤੁਰੰਤ 911 'ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
















