ਬ੍ਰਿਟਿਸ਼ ਕੋਲੰਬੀਆ ਵਿੱਚ ਐਲ.ਐਨ.ਜੀ. ਅਤੇ ਤੇਲ ਪਾਈਪਲਾਈਨਾਂ ਦੇ ਹੱਕ ਵਿੱਚ ਵਧਿਆ ਸਮਰਥਨ

ਬ੍ਰਿਟਿਸ਼ ਕੋਲੰਬੀਆ ਵਿੱਚ ਐਲ.ਐਨ.ਜੀ. ਅਤੇ ਤੇਲ ਪਾਈਪਲਾਈਨਾਂ ਦੇ ਹੱਕ ਵਿੱਚ ਵਧਿਆ ਸਮਰਥਨ

ਬ੍ਰਿਟਿਸ਼ ਕੋਲੰਬੀਆ-ਕੈਨੇਡਾ ਵਿੱਚ ਐਲ.ਐਨ.ਜੀ. ਅਤੇ ਤੇਲ ਪਾਈਪਲਾਈਨ ਪ੍ਰੋਜੈਕਟਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਹੁਣ ਬ੍ਰਿਟਿਸ਼ ਕੋਲੰਬੀਆ ਸਮੇਤ ਦੇਸ਼ ਭਰ ਵਿੱਚ ਬਹੁਤੇ ਲੋਕ ਊਰਜਾ ਪ੍ਰੋਜੈਕਟਾਂ ਅਤੇ ਆਰਥਿਕ ਵਿਕਾਸ ਦੇ ਹੱਕ ਵਿੱਚ ਨਜ਼ਰ ਆ ਰਹੇ ਹਨ।

ਐਂਗਸ ਰੀਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ 61 ਫੀਸਦੀ ਲੋਕ ਐਨਬ੍ਰਿਜ ਦੀ ਵੈਸਟਕੋਸਟ ਨੈਚਰਲ ਗੈਸ ਪਾਈਪਲਾਈਨ ਪ੍ਰਣਾਲੀ ਦੇ ਹੱਕ ਵਿੱਚ ਹਨ। ਇਹ ਦਸ ਸਾਲ ਪਹਿਲਾਂ ਦੇ ਮੁਕਾਬਲੇ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ, ਕਿਉਂਕਿ 2012 ਵਿੱਚ ਜ਼ਿਆਦਾਤਰ ਲੋਕ ਪਾਈਪਲਾਈਨ ਪ੍ਰੋਜੈਕਟਾਂ ਦੇ ਵਿਰੋਧ ਵਿੱਚ ਸਨ।

ਉਸ ਸਮੇਂ ਨਾਰਦਰਨ ਗੇਟਵੇ ਪ੍ਰੋਜੈਕਟ ਦੇ ਖਿਲਾਫ਼ 57 ਫੀਸਦੀ ਲੋਕਾਂ ਨੇ ਵਿਰੋਧ ਜਤਾਇਆ ਸੀ। ਇਹ ਪ੍ਰੋਜੈਕਟ ਅਲਬਰਟਾ ਦੇ ਬਰੂਡਰਹਾਈਮ ਤੋਂ ਬ੍ਰਿਟਿਸ਼ ਕੋਲੰਬੀਆ ਦੇ ਕਿਟੀਮੈਟ ਤੱਕ ਪਾਈਪਲਾਈਨ ਬਣਾਉਣ ਨਾਲ ਸੰਬੰਧਿਤ ਸੀ। ਹਾਲਾਂਕਿ 2025 ਤੱਕ ਇਸ ਪ੍ਰੋਜੈਕਟ ਪ੍ਰਤੀ ਵਿਰੋਧ ਘਟ ਕੇ 32 ਫੀਸਦੀ ਰਹਿ ਗਿਆ।

ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਹੁਣ 61 ਫੀਸਦੀ ਕੈਨੇਡੀਅਨ ਲੋਕ ਵਾਤਾਵਰਣ ਸੁਰੱਖਿਆ ਨਾਲੋਂ ਆਰਥਿਕ ਵਿਕਾਸ ਨੂੰ ਵੱਧ ਮਹੱਤਵ ਦੇ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ 59 ਫੀਸਦੀ ਲੋਕ ਇਸ ਵਿਚਾਰ ਦੇ ਹੱਕ ਵਿੱਚ ਹਨ, ਜਦਕਿ 41 ਫੀਸਦੀ ਲੋਕ ਇਸ ਨਾਲ ਅਸਹਿਮਤ ਹਨ।2019 ਵਿੱਚ ਹਾਲਾਤ ਇਸ ਤੋਂ ਉਲਟ ਸਨ, ਜਦੋਂ 55 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਵਾਤਾਵਰਣ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

ਸਰਵੇਖਣ ਅਨੁਸਾਰ ਮੈਨੀਟੋਬਾ ਅਤੇ ਕਿਊਬੈਕ ਵਿੱਚ ਆਰਥਿਕ ਵਿਕਾਸ ਦੇ ਹੱਕ ਵਿੱਚ 24 ਅੰਕਾਂ ਦਾ ਵੱਡਾ ਬਦਲਾਅ ਦਰਜ ਕੀਤਾ ਗਿਆ ਹੈ। ਜਦਕਿ ਅਲਬਰਟਾ ਵਿੱਚ ਪਹਿਲਾਂ ਹੀ ਆਰਥਿਕ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਸੀ ਅਤੇ ਹੁਣ ਇਹ ਅੰਕੜਾ ਵਧ ਕੇ 74 ਫੀਸਦੀ ਤੱਕ ਪਹੁੰਚ ਗਿਆ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਊਰਜਾ ਪ੍ਰੋਜੈਕਟਾਂ ਪ੍ਰਤੀ ਲੋਕਾਂ ਦੇ ਬਦਲਦੇ ਰੁਝਾਨ ਦਾ ਪ੍ਰਭਾਵ ਫੈਡਰਲ ਸਰਕਾਰ ਦੀ ਪਾਈਪਲਾਈਨ ਨੀਤੀ ‘ਤੇ ਵੀ ਦਿਖਾਈ ਦੇ ਰਿਹਾ ਹੈ। ਹੁਣ ਕਰੀਬ ਹਰ ਤੀਜਾ ਕੈਨੇਡੀਅਨ ਮੰਨਦਾ ਹੈ ਕਿ ਨਵੀਆਂ ਪਾਈਪਲਾਈਨਾਂ ਬਣਾਉਣ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਠੀਕ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜੋ ਕਿ 2019 ਨਾਲੋਂ 8 ਫੀਸਦੀ ਵੱਧ ਹੈ।