ਕੈਨੇਡਾ ਵਿੱਚ ਖਰਾਬ ਮੌਸਮ ਕਾਰਨ ਹਵਾਈ ਯਾਤਰਾ ਪ੍ਰਭਾਵਿਤ, 400 ਤੋਂ ਵੱਧ ਉਡਾਣਾਂ ਦੇਰੀ ਦਾ ਸ਼ਿਕਾਰ
ਕੈਨੇਡਾ -ਓਟਵਾ: ਕੈਨੇਡਾ ਵਿੱਚ ਤਿੱਖੇ ਠੰਡੇ ਮੌਸਮ ਨੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੇਸ਼ ਭਰ ਵਿੱਚ ਭਾਰੀ ਬਰਫਬਾਰੀ, ਜਮੀ ਹੋਈ ਬਰਫ ਅਤੇ ਫ੍ਰੀਜਿੰਗ ਰੇਨ ਕਾਰਨ ਸੈਂਕੜਿਆਂ ਉਡਾਣਾਂ ਦੇਰੀ ਨਾਲ ਚੱਲੀਆਂ ਜਦਕਿ ਕਈ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਹਜ਼ਾਰਾਂ ਯਾਤਰੀ ਫਸ ਗਏ। ਭਾਵੇਂ ਬਸੰਤ ਰੁੱਤ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਈਸਟਰ ਵੀਕਐਂਡ ਤੋਂ ਸ਼ੁਰੂ ਹੋਇਆ ਖਰਾਬ ਮੌਸਮ ਅਜੇ ਵੀ ਕਈ ਇਲਾਕਿਆਂ ਵਿੱਚ ਜਾਰੀ ਹੈ। ਬਰਫਬਾਰੀ ਅਤੇ ਤੇਜ਼ ਠੰਡੀਆਂ ਹਵਾਵਾਂ ਕਾਰਨ ਹਵਾਈ ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਵਿਘਨ ਪਿਆ। 5 ਅਪ੍ਰੈਲ 2026 ਨੂੰ ਦੇਸ਼ ਭਰ ਵਿੱਚ ਕੁੱਲ 423 ਉਡਾਣਾਂ ਦੇਰੀ ਨਾਲ ਚੱਲੀਆਂ ਅਤੇ 82 ਉਡਾਣਾਂ ਰੱਦ ਕੀਤੀਆਂ ਗਈਆਂ। ਸਭ ਤੋਂ ਵੱਧ ਅਸਰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡਾ 'ਤੇ ਵੇਖਣ ਨੂੰ ਮਿਲਿਆ, ਜਿੱਥੇ 34 ਉਡਾਣਾਂ ਰੱਦ ਅਤੇ 160 ਦੇਰੀ ਨਾਲ ਚੱਲੀਆਂ। ਹੋਰ ਸ਼ਹਿਰਾਂ ਵਿੱਚ ਵੀ ਹਾਲਾਤ ਗੰਭੀਰ ਰਹੇ—
- ਮਾਂਟਰੀਅਲ: 15 ਰੱਦ, 85 ਦੇਰੀ, ਕੈਲਗਰੀ: 2 ਰੱਦ, 56 ਦੇਰੀ, ਵੈਨਕੂਵਰ: 8 ਰੱਦ, 35 ਦੇਰੀ
ਇਸ ਤੋਂ ਇਲਾਵਾ ਓਟਵਾ, ਹੈਲੀਫੈਕਸ ਅਤੇ ਕਿਊਬੈਕ ਸਿਟੀ ਦੇ ਹਵਾਈ ਅੱਡਿਆਂ 'ਤੇ ਵੀ ਉਡਾਣਾਂ ਪ੍ਰਭਾਵਿਤ ਰਹੀਆਂ।ਸਭ ਤੋਂ ਵੱਧ ਪ੍ਰਭਾਵਿਤ ਏਅਰਲਾਈਨ ਏਅਰ ਕੈਨੇਡਾ ਰਹੀ, ਜਿਸ ਦੀਆਂ 32 ਉਡਾਣਾਂ ਰੱਦ ਹੋਈਆਂ ਅਤੇ 72 ਦੇਰੀ ਨਾਲ ਚੱਲੀਆਂ। ਇਸ ਕਾਰਨ ਟੋਰਾਂਟੋ, ਮਾਂਟਰੀਅਲ, ਵੈਨਕੂਵਰ ਅਤੇ ਹੈਲੀਫੈਕਸ ਵਿੱਚ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਵਾਈ ਅੱਡਿਆਂ ‘ਤੇ ਫਸੇ ਯਾਤਰੀਆਂ ਨੇ ਲੰਬੀਆਂ ਕਤਾਰਾਂ, ਰੀਬੁਕਿੰਗ ਦੀ ਸਮੱਸਿਆ ਅਤੇ ਹੋਟਲਾਂ ਦੀ ਘਾਟ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਕਈ ਯਾਤਰੀਆਂ ਨੂੰ ਘੰਟਿਆਂ ਤੱਕ ਉਡੀਕ ਕਰਨੀ ਪਈ ਅਤੇ ਕੁਝ ਨੂੰ ਆਪਣੀਆਂ ਯਾਤਰਾ ਯੋਜਨਾਵਾਂ ਮੁੜ ਤਿਆਰ ਕਰਣੀਆਂ ਪਈਆਂ।ਏਅਰਲਾਈਨਾਂ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਚੈਕ ਕਰਨ ਅਤੇ ਸੰਭਵ ਹੋਵੇ ਤਾਂ ਵੱਧ ਸਮਾਂ ਰੱਖ ਕੇ ਯਾਤਰਾ ਕਰਨ। ਨਾਲ ਹੀ, ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਉਡਾਣਾਂ ਅਗਲੇ ਦਿਨਾਂ ਵਿੱਚ ਵੀ ਪ੍ਰਭਾਵਿਤ ਰਹਿ ਸਕਦੀਆਂ ਹਨ।ਮੌਸਮ ਵਿਭਾਗ ਮੁਤਾਬਕ, ਜੇਕਰ ਬਰਫਬਾਰੀ ਅਤੇ ਫ੍ਰੀਜਿੰਗ ਰੇਨ ਦਾ ਸਿਲਸਿਲਾ ਜਾਰੀ ਰਿਹਾ, ਤਾਂ ਹਾਲਾਤ ਵਿੱਚ ਸੁਧਾਰ ਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ, ਜਿਸ ਨਾਲ ਹਵਾਈ ਸੇਵਾਵਾਂ ‘ਤੇ ਅਸਰ ਬਣਿਆ ਰਹੇਗਾ।
















