ਅਲਬਰਟਾ ਵਿੱਚ ਵੱਖਰੇ ਸੂਬੇ ਲਈ ਰੈਫਰੈਂਡਮ ਦੀ ਸੰਭਾਵਨਾ ਬਰਕਰਾਰ, ਪ੍ਰੀਮੀਅਰ ਡੈਨੀਅਲ ਸਮਿਥ ਨੇ ਨਹੀਂ ਕੀਤਾ ਇਨਕਾਰ

ਅਲਬਰਟਾ ਵਿੱਚ ਵੱਖਰੇ ਸੂਬੇ ਲਈ ਰੈਫਰੈਂਡਮ ਦੀ ਸੰਭਾਵਨਾ ਬਰਕਰਾਰ, ਪ੍ਰੀਮੀਅਰ ਡੈਨੀਅਲ ਸਮਿਥ ਨੇ ਨਹੀਂ ਕੀਤਾ ਇਨਕਾਰ

ਕੈਲਗਰੀ-ਅਲਬਰਟਾ ਦੀ ਪ੍ਰੀਮੀਅਰ Danielle Smith ਨੇ ਸੂਬੇ ਦੀ ਅਲੱਗ ਹੋਣ ਸੰਬੰਧੀ ਰੈਫਰੈਂਡਮ ਕਰਵਾਉਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਅਲਬਰਟਾ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਨਵਾਂ ਬਲ ਮਿਲਦਾ ਨਜ਼ਰ ਆ ਰਿਹਾ ਹੈ।

ਸੋਮਵਾਰ ਨੂੰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਅਕਤੂਬਰ ਵਿੱਚ ਅਲਬਰਟਾ ਦੀ ਅਲੱਗਤਾ ਸੰਬੰਧੀ ਵੋਟਿੰਗ ਕਰਵਾਉਣ ਤੋਂ ਇਨਕਾਰ ਕਰਨਗੀਆਂ, ਤਾਂ ਉਨ੍ਹਾਂ ਨੇ ਸਪਸ਼ਟ ਜਵਾਬ ਦੇਣ ਦੀ ਬਜਾਏ ਕਿਹਾ ਕਿ ਸਰਕਾਰ ਹਾਲੇ ਕੁਝ ਪ੍ਰਕਿਰਿਆਵਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ ਅਤੇ ਇਸ ਬਾਰੇ ਕਾਕਸ ਅਤੇ ਕੈਬਨਿਟ ਨਾਲ ਵਿਚਾਰ ਮਗਰੋਂ ਫੈਸਲਾ ਲਿਆ ਜਾਵੇਗਾ।ਇਸੇ ਦੌਰਾਨ ਵੱਖਵਾਦੀ ਆਗੂ Jeff Rath ਅਤੇ Mitch Sylvestre ਨੇ ਆਪਣੇ ਸਮਰਥਕਾਂ ਨੂੰ ਯੂਨਾਈਟਡ ਕਨਜ਼ਰਵੇਟਿਵ ਪਾਰਟੀ (ਯੂਸੀਪੀ) ਦੀ ਮੈਂਬਰਸ਼ਿਪ ਖਰੀਦਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਪ੍ਰੀਮੀਅਰ ‘ਤੇ ਵੱਖਰੇ ਅਲਬਰਟਾ ਦੇ ਮੁੱਦੇ ਨੂੰ ਬੈਲਟ ‘ਤੇ ਲਿਆਂਦਾ ਜਾ ਸਕੇ।

ਅਲਬਰਟਾ ਦੇ ਵਿੱਤ ਮੰਤਰੀ Nate Horner ਨੇ ਸਪਸ਼ਟ ਕੀਤਾ ਕਿ ਉਹ ਵੱਖਰੇ ਸੂਬੇ ਲਈ ਰੈਫਰੈਂਡਮ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਵੱਖਵਾਦੀ ਉਮੀਦਵਾਰਾਂ ਦੇ ਖਿਲਾਫ਼ ਚੋਣ ਲੜ ਚੁੱਕੇ ਹਨ।ਉੱਧਰ ਹਸਪਤਾਲ ਮੰਤਰੀ Matt Jones ਨੇ ਵੀ ਕਿਹਾ ਕਿ ਯੂਸੀਪੀ ਕੋਈ ਵੱਖਵਾਦੀ ਪਾਰਟੀ ਨਹੀਂ ਹੈ ਅਤੇ ਪਾਰਟੀ ਇੱਕ ਇਕਜੁਟ ਕੈਨੇਡਾ ਅੰਦਰ ਮਜ਼ਬੂਤ ਅਲਬਰਟਾ ਦੀ ਹਿਮਾਇਤ ਕਰਦੀ ਹੈ।

ਵੱਖਵਾਦੀ ਆਗੂਆਂ ਦਾ ਦਾਅਵਾ ਹੈ ਕਿ ਉਹ ਪਿਛਲੇ ਹਫ਼ਤੇ ਅਲਬਰਟਾ ਇਲੈਕਸ਼ਨ ਅਥਾਰਟੀ ਕੋਲ ਤਕਰੀਬਨ ਤਿੰਨ ਲੱਖ ਹਸਤਾਖਰਾਂ ਵਾਲੀ ਪਟੀਸ਼ਨ ਜਮ੍ਹਾਂ ਕਰਵਾ ਚੁੱਕੇ ਹਨ। ਹਾਲਾਂਕਿ ਇਹ ਹਾਲੇ ਸਪਸ਼ਟ ਨਹੀਂ ਕਿ ਇਨ੍ਹਾਂ ਦਸਤਖ਼ਤਾਂ ਦੀ ਜਾਂਚ ਕਦੋਂ ਹੋਵੇਗੀ। ਫਰਸਟ ਨੇਸ਼ਨਜ਼ ਵੱਲੋਂ ਅਦਾਲਤ ਵਿੱਚ ਚੁਣੌਤੀ ਦੇਣ ਕਾਰਨ ਹਸਤਾਖਰਾਂ ਦੀ ਗਿਣਤੀ ਦੀ ਪ੍ਰਕਿਰਿਆ ਰੋਕੀ ਹੋਈ ਹੈ।ਜੈਫ ਰਾਥ, ਜੋ ਅਲਬਰਟਾ ਪ੍ਰਾਸਪਰਿਟੀ ਪ੍ਰੋਜੈਕਟ ਨਾਲ ਜੁੜੇ ਵਕੀਲ ਵੀ ਹਨ, ਨੇ ਅਦਾਲਤਾਂ ‘ਤੇ ਪ੍ਰਕਿਰਿਆ ਵਿੱਚ ਦਖ਼ਲ ਦੇਣ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਅਲਬਰਟਾ ਐਨਡੀਪੀ ਦੀ ਉਪ ਨੇਤਾ Rakhi Pancholi ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਰੈਫਰੈਂਡਮ ਕਰਵਾਉਣਾ ਠੀਕ ਨਹੀਂ ਹੋਵੇਗਾ, ਖ਼ਾਸ ਕਰਕੇ ਜਦੋਂ ਹਾਲ ਹੀ ਵਿੱਚ ਲਗਭਗ 30 ਲੱਖ ਵੋਟਰਾਂ ਦੇ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ‘ਤੇ ਦੋਸ਼ ਲਗਾਇਆ ਕਿ ਉਹ ਪਿਛਲੇ ਇੱਕ ਸਾਲ ਤੋਂ ਵੱਖਵਾਦੀ ਮੁਹਿੰਮ ਨੂੰ ਹੌਸਲਾ ਦੇ ਰਹੀਆਂ ਹਨ ਅਤੇ ਡਾਟਾ ਲੀਕ ਮਾਮਲੇ ਵਿੱਚ ਵੀ ਸਰਕਾਰ ਨੇ ਅਣਦੇਖੀ ਕੀਤੀ ਹੈ।ਮਾਊਂਟ ਰਾਇਲ ਯੂਨੀਵਰਸਿਟੀ ਦੇ ਰਾਜਨੀਤਿਕ ਵਿਸ਼ਲੇਸ਼ਕ Duane Bratt ਦਾ ਮੰਨਣਾ ਹੈ ਕਿ ਡੈਨੀਅਲ ਸਮਿਥ ਆਖ਼ਰਕਾਰ ਪਾਰਟੀ ਦੀ ਇਕਤਾ ਕਾਇਮ ਰੱਖਣ ਲਈ ਰੈਫਰੈਂਡਮ ਨੂੰ ਮਨਜ਼ੂਰੀ ਦੇ ਸਕਦੀਆਂ ਹਨ।ਜੈਫ ਰਾਥ ਨੇ ਕਿਹਾ ਕਿ ਉਹ ਅਗਸਤ ਮਹੀਨੇ ਵਿੱਚ ਵੱਖਰੇ ਅਲਬਰਟਾ ਦੇ ਮੁੱਦੇ ‘ਤੇ ਵਿਸ਼ੇਸ਼ ਜਨਰਲ ਮੀਟਿੰਗ ਬੁਲਾਉਣ ਦੀ ਕੋਸ਼ਿਸ਼ ਕਰਨਗੇ।