ਕਮਜ਼ੋਰ ਵਰਗਾਂ ਲਈ ਸਿਹਤ ਸਹੂਲਤਾਂ ਵਧਾਉਣ ਵਾਸਤੇ ਅਲਬਰਟਾ ਸਰਕਾਰ ਵੱਲੋਂ 30 ਮਿਲੀਅਨ ਡਾਲਰ ਦਾ ਵਾਧੂ ਨਿਵੇਸ਼
ਅਲਬਰਟਾ-ਸੂਬੇ ਵਿੱਚ ਸਿਹਤ ਅਤੇ ਸਮਾਜਿਕ ਸਹਾਇਤਾ ਦੀ ਲੋੜ ਵਾਲੇ ਕਮਜ਼ੋਰ ਵਰਗਾਂ ਤੱਕ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਅਲਬਰਟਾ ਸਰਕਾਰ ਵੱਲੋਂ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਵਾਧੂ 30 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਕੈਲਗਰੀ ਅਤੇ ਐਡਮੰਟਨ ਦੇ ਕਮਿਊਨਿਟੀ ਹੈਲਥ ਸੈਂਟਰਾਂ ਲਈ ਇਸ ਨਿਵੇਸ਼ ਨਾਲ ਚਾਰ ਸਾਲਾਂ ਵਿੱਚ ਕੁੱਲ ਫੰਡਿੰਗ 60 ਮਿਲੀਅਨ ਡਾਲਰ ਹੋ ਜਾਵੇਗੀ।
ਇਸ ਰਕਮ ਨਾਲ ਉਨ੍ਹਾਂ ਲੋਕਾਂ ਲਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਰਵਾਇਤੀ ਸਿਹਤ ਸਹੂਲਤਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਤਹਿਤ ਉਸੇ ਦਿਨ ਅਤੇ ਲਗਾਤਾਰ ਮੁੱਢਲੀ ਸਿਹਤ ਸੇਵਾ, ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ, ਕਮਿਊਨਿਟੀ ਆਊਟਰੀਚ, ਰਿਹਾਇਸ਼ ਸਬੰਧੀ ਸਹਾਇਤਾ, ਭੋਜਨ ਪਹੁੰਚ ਪ੍ਰੋਗਰਾਮ ਅਤੇ ਹੋਰ ਸਹਾਇਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਪ੍ਰਾਇਮਰੀ ਐਂਡ ਪ੍ਰਿਵੈਂਟਿਵ ਹੈਲਥ ਸਰਵਿਸਿਜ਼ ਮੰਤਰੀ ਜਸਟਿਨ ਰਾਈਟ ਨੇ ਕਿਹਾ ਕਿ ਹਰ ਅਲਬਰਟਨ ਵਾਸੀ ਨੂੰ ਲੋੜ ਦੇ ਸਮੇਂ ਅਤੇ ਸਥਾਨ ’ਤੇ ਸਿਹਤ ਸੇਵਾ ਤੇ ਸਹਾਇਤਾ ਮਿਲਣੀ ਚਾਹੀਦੀ ਹੈ। ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਰਿਕ ਵਿਲਸਨ ਨੇ ਕਿਹਾ ਕਿ ਸਰਕਾਰ ਨਸ਼ੇ ਅਤੇ ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਲਈ ਸੇਵਾਵਾਂ ਦੀ ਪਹੁੰਚ ਵਧਾ ਰਹੀ ਹੈ।ਕਮਿਊਨਿਟੀ ਹੈਲਥ ਸੈਂਟਰ ਖ਼ਾਸ ਤੌਰ ’ਤੇ ਗਰੀਬੀ, ਬੇਘਰਪਨ, ਮਾਨਸਿਕ ਬਿਮਾਰੀ ਅਤੇ ਨਸ਼ੇ ਦੀ ਸਮੱਸਿਆ ਵਰਗੀਆਂ ਸਥਿਤੀਆਂ ਕਾਰਨ ਰਵਾਇਤੀ ਸਿਹਤ ਸੇਵਾਵਾਂ ਤੋਂ ਦੂਰ ਰਹਿ ਜਾਣ ਵਾਲੇ ਲੋਕਾਂ ਦੀ ਮਦਦ ਕਰਦੇ ਹਨ। ਇਨ੍ਹਾਂ ਕੇਂਦਰਾਂ ਵਿੱਚ ਸਿਹਤ ਅਤੇ ਸਮਾਜਿਕ ਸਹਾਇਤਾ ਨੂੰ ਇੱਕ ਥਾਂ ’ਤੇ ਜੋੜ ਕੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣ ਵਿੱਚ ਮਦਦ ਕੀਤੀ ਜਾਂਦੀ ਹੈ।
ਸਰਕਾਰ ਦਾ ਪਹਿਲਾਂ ਕੀਤਾ 30 ਮਿਲੀਅਨ ਡਾਲਰ ਦਾ ਨਿਵੇਸ਼ ਬਹੁ-ਵਿਭਾਗੀ ਸਿਹਤ ਟੀਮਾਂ ਦੇ ਵਿਸਥਾਰ ਅਤੇ ਕਮਿਊਨਿਟੀ ਪੱਧਰ ’ਤੇ ਸੇਵਾਵਾਂ ਵਿੱਚ ਸੁਧਾਰ ਲਈ ਵਰਤਿਆ ਗਿਆ ਸੀ। ਨਵੀਂ ਫੰਡਿੰਗ ਨਾਲ ਫਰੰਟਲਾਈਨ ਸਟਾਫ਼ ਦੀ ਸਮਰੱਥਾ ਵਧਾਉਣ ਦੇ ਨਾਲ ਮਰੀਜ਼ਾਂ ਨੂੰ ਸਹੀ ਸੇਵਾ ਤੱਕ ਪਹੁੰਚਾਉਣ ਅਤੇ ਇਲਾਜ ਦੇ ਤਾਲਮੇਲ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।ਇਸ 60 ਮਿਲੀਅਨ ਡਾਲਰ ਦੀ ਕੁੱਲ ਫੰਡਿੰਗ ਵਿੱਚੋਂ ਕੈਲਗਰੀ ਦੇ The Alex ਨੂੰ 23 ਮਿਲੀਅਨ ਡਾਲਰ ਤੋਂ ਵੱਧ, CUPS Calgary Society ਨੂੰ 13 ਮਿਲੀਅਨ ਡਾਲਰ ਤੋਂ ਵੱਧ, ਐਡਮੰਟਨ ਦੇ Radius Community Health & Healing ਨੂੰ 14 ਮਿਲੀਅਨ ਡਾਲਰ ਅਤੇ Jasper Place Wellness Centre ਨੂੰ 9.6 ਮਿਲੀਅਨ ਡਾਲਰ ਮਿਲਣਗੇ। ਕੇਂਦਰਾਂ ਵੱਲੋਂ ਮਰੀਜ਼ਾਂ ਦੇ ਨਤੀਜਿਆਂ ਅਤੇ ਸਿਹਤ ਪ੍ਰਣਾਲੀ ਦੀ ਵਰਤੋਂ ਨਾਲ ਸਬੰਧਤ ਅੰਕੜਿਆਂ ਦੀ ਨਿਗਰਾਨੀ ਵੀ ਕੀਤੀ ਜਾਵੇਗੀ ਤਾਂ ਜੋ ਫੰਡਿੰਗ ਦੇ ਨਤੀਜਿਆਂ ਨੂੰ ਮਾਪਿਆ ਜਾ ਸਕੇ।ਇਹ ਫੰਡਿੰਗ ਕੈਨੇਡਾ-ਅਲਬਰਟਾ ਦੁਵੱਲੇ ਸਮਝੌਤੇ ਤਹਿਤ ਦਿੱਤੀ ਜਾ ਰਹੀ ਹੈ, ਜਿਸ ਦਾ ਉਦੇਸ਼ ਕੈਨੇਡਾ ਵਾਸੀਆਂ ਲਈ ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣਾ ਹੈ।
















