ਅਲਬਰਟਾ ’ਚ ਸਰਕਾਰੀ ਦੇਖ-ਰੇਖ ਤੋਂ ਬਾਹਰ ਆ ਰਹੇ ਵਿਦਿਆਰਥੀਆਂ ਲਈ ਸਕਾਲਰਸ਼ਿਪ, 25 ਨੂੰ ਮਿਲਣਗੇ 2,000 ਡਾਲਰ

ਅਲਬਰਟਾ ’ਚ ਸਰਕਾਰੀ ਦੇਖ-ਰੇਖ ਤੋਂ ਬਾਹਰ ਆ ਰਹੇ ਵਿਦਿਆਰਥੀਆਂ ਲਈ ਸਕਾਲਰਸ਼ਿਪ, 25 ਨੂੰ ਮਿਲਣਗੇ 2,000 ਡਾਲਰ

ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਸਰਕਾਰੀ ਦੇਖ-ਰੇਖ ਤੋਂ ਬਾਹਰ ਆ ਕੇ ਪੋਸਟ-ਸੈਕੰਡਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਾਪਤੀ ਨੂੰ ਉਤਸ਼ਾਹਿਤ ਕਰਨ ਲਈ ਡਿਊਕ ਐਂਡ ਡਚੇਸ ਸਕਾਲਰਸ਼ਿਪ ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਚਿਲਡਰਨ ਐਂਡ ਫੈਮਿਲੀ ਸਰਵਿਸਿਜ਼ ਮੰਤਰੀ ਸਰਲ ਟਰਟਨ ਨੇ ਯੋਗ ਵਿਦਿਆਰਥੀਆਂ ਨੂੰ 31 ਅਗਸਤ ਤੱਕ ਅਰਜ਼ੀ ਦੇਣ ਦੀ ਅਪੀਲ ਕੀਤੀ ਹੈ।

ਐਡਵਾਂਸਿੰਗ ਫਿਊਚਰਜ਼ ਪ੍ਰੋਗਰਾਮ ਤਹਿਤ ਇਸ ਸਾਲ 25 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਹਰੇਕ ਵਿਦਿਆਰਥੀ ਨੂੰ 2,000 ਕੈਨੇਡੀਅਨ ਡਾਲਰ ਮਿਲਣਗੇ। ਇਹ ਸਕਾਲਰਸ਼ਿਪ ਵੱਖ-ਵੱਖ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਉਪਲਬਧ ਹੈ।ਮੰਤਰੀ ਟਰਟਨ ਨੇ ਕਿਹਾ ਕਿ ਇਹ ਸਕਾਲਰਸ਼ਿਪ ਸਰਕਾਰੀ ਦੇਖ-ਰੇਖ ਤੋਂ ਬਾਹਰ ਆ ਰਹੇ ਨੌਜਵਾਨਾਂ ਦੀ ਮਿਹਨਤ, ਸਮਰਪਣ ਅਤੇ ਅਕਾਦਮਿਕ ਉੱਤਮਤਾ ਨੂੰ ਮਾਨਤਾ ਦਿੰਦੀ ਹੈ। ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਟੀਚੇ ਪੂਰੇ ਕਰਨ ਅਤੇ ਬਿਹਤਰ ਭਵਿੱਖ ਬਣਾਉਣ ਲਈ ਸਹਾਇਤਾ ਦੇਣਾ ਹੈ।ਅਲਬਰਟਾ ਸਰਕਾਰ ਨੇ ਇਹ ਸਕਾਲਰਸ਼ਿਪ ਜੁਲਾਈ 2011 ਵਿੱਚ ਡਿਊਕ ਅਤੇ ਡਚੇਸ ਆਫ ਕੈਂਬਰਿਜ ਦੀ ਅਲਬਰਟਾ ਫੇਰੀ ਦੀ ਯਾਦ ਵਿੱਚ ਸ਼ੁਰੂ ਕੀਤੀ ਸੀ। ਸਾਲ 2011 ਤੋਂ ਹੁਣ ਤੱਕ ਇਸ ਤਹਿਤ 350 ਸਕਾਲਰਸ਼ਿਪਾਂ ਦਿੱਤੀਆਂ ਜਾ ਚੁੱਕੀਆਂ ਹਨ।

ਸਰਕਾਰ ਮੁਤਾਬਕ ਐਡਵਾਂਸਿੰਗ ਫਿਊਚਰਜ਼ ਪ੍ਰੋਗਰਾਮ ਕੈਨੇਡਾ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ, ਜਿਸ ਤਹਿਤ ਹਰ ਸਾਲ 14.2 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਂਦਾ ਹੈ। ਇਸ ਰਾਹੀਂ ਸਰਕਾਰੀ ਦੇਖ-ਰੇਖ ਤੋਂ ਬਾਅਦ ਬਾਲਗ ਜੀਵਨ ਵਿੱਚ ਦਾਖਲ ਹੋ ਰਹੇ ਨੌਜਵਾਨਾਂ ਨੂੰ ਪੋਸਟ-ਸੈਕੰਡਰੀ ਸਿੱਖਿਆ ਜਾਰੀ ਰੱਖਣ ਲਈ ਵਿੱਤੀ, ਸਮਾਜਿਕ ਅਤੇ ਭਾਵਨਾਤਮਕ ਸਹਾਇਤਾ ਦਿੱਤੀ ਜਾਂਦੀ ਹੈ।