ਹੜ੍ਹ ਮੈਪਿੰਗ ਮੁਹਿੰਮ ਨੂੰ ਮਿਲੀ ਹੋਰ ਰਫ਼ਤਾਰ: ਅਲਬਰਟਾ ਸਰਕਾਰ ਵੱਲੋਂ ਨਵੇਂ ਫਲੱਡ ਮੈਪਿੰਗ ਅਧਿਐਨ ਸ਼ੁਰੂ

ਹੜ੍ਹ ਮੈਪਿੰਗ ਮੁਹਿੰਮ ਨੂੰ ਮਿਲੀ ਹੋਰ ਰਫ਼ਤਾਰ: ਅਲਬਰਟਾ ਸਰਕਾਰ ਵੱਲੋਂ ਨਵੇਂ ਫਲੱਡ ਮੈਪਿੰਗ ਅਧਿਐਨ ਸ਼ੁਰੂ

ਐਡਮੰਟਨ-ਅਲਬਰਟਾ ਸਰਕਾਰ ਨੇ ਲੋਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ ਭਰ ਵਿੱਚ ਨਵੇਂ ਹੜ੍ਹ ਮੈਪਿੰਗ ਅਧਿਐਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਅਧਿਐਨਾਂ ਰਾਹੀਂ ਹੜ੍ਹ ਦੇ ਖਤਰੇ ਵਾਲੇ ਖੇਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਤਿਆਰ ਕੀਤੀ ਜਾਵੇਗੀ।

ਇਸ ਬਸੰਤ ਦੌਰਾਨ ਸ਼ੁਰੂ ਕੀਤੇ ਗਏ ਨਵੇਂ ਅਧਿਐਨਾਂ ਤਹਿਤ 10 ਕਮਿਊਨਿਟੀਆਂ ਵਿੱਚ ਲਗਭਗ 260 ਕਿਲੋਮੀਟਰ ਇਲਾਕੇ ਦੀ ਨਵੀਂ ਜਾਂ ਅਪਡੇਟ ਕੀਤੀ ਫਲੱਡ ਮੈਪਿੰਗ ਤਿਆਰ ਕੀਤੀ ਜਾਵੇਗੀ। ਇਹ ਉਸ ਲਗਭਗ 600 ਕਿਲੋਮੀਟਰ ਮੈਪਿੰਗ ਤੋਂ ਇਲਾਵਾ ਹੈ ਜੋ ਪਹਿਲਾਂ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਰੀ ਹੈ।ਸਰਕਾਰ ਦਾ ਕਹਿਣਾ ਹੈ ਕਿ ਹੜ੍ਹ ਦੌਰਾਨ ਪਾਣੀ ਦੇ ਵਹਾਅ ਦੀ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿੱਥੇ ਖੇਤੀਬਾੜੀ ਜਾਂ ਨਿਰਮਾਣ ਕਰਨਾ ਸੁਰੱਖਿਅਤ ਹੈ ਅਤੇ ਐਮਰਜੈਂਸੀ ਹਾਲਾਤਾਂ ਲਈ ਕਿਵੇਂ ਤਿਆਰੀ ਕੀਤੀ ਜਾਵੇ। 2020 ਤੋਂ ਬਾਅਦ ਅਲਬਰਟਾ ਵਿੱਚ ਲਗਭਗ 1,900 ਕਿਲੋਮੀਟਰ ਨਵੀਂ ਜਾਂ ਅਪਡੇਟ ਫਲੱਡ ਮੈਪਿੰਗ ਪੂਰੀ ਕੀਤੀ ਜਾ ਚੁੱਕੀ ਹੈ, ਜੋ ਪਿਛਲੇ 35 ਸਾਲਾਂ ਦੇ ਕੁੱਲ ਕੰਮ ਤੋਂ ਵੀ ਵੱਧ ਹੈ।

ਵਾਤਾਵਰਣ ਅਤੇ ਸੁਰੱਖਿਅਤ ਖੇਤਰਾਂ ਬਾਰੇ ਮੰਤਰੀ ਗ੍ਰਾਂਟ ਹੰਟਰ ਨੇ ਕਿਹਾ ਕਿ ਨਵੀਂ ਅਤੇ ਅਪਡੇਟ ਫਲੱਡ ਮੈਪਿੰਗ ਅਲਬਰਟਾ ਵਾਸੀਆਂ ਨੂੰ ਹੜ੍ਹਾਂ ਦੇ ਤਬਾਹਕੁਨ ਪ੍ਰਭਾਵਾਂ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਇਸ ਕੰਮ ਨੂੰ ਹੋਰ ਵਧਾਏਗੀ।ਫਲੱਡ ਮੈਪਿੰਗ ਦਾ ਇਸਤੇਮਾਲ ਸਥਾਨਕ ਵਿਕਾਸ ਯੋਜਨਾਵਾਂ ਬਣਾਉਣ ਅਤੇ ਹੜ੍ਹ ਰੋਕਥਾਮ ਪ੍ਰੋਜੈਕਟਾਂ ਨੂੰ ਤਰਜੀਹ ਦੇਣ ਲਈ ਕੀਤਾ ਜਾਂਦਾ ਹੈ। ਇਹ ਉਹਨਾਂ ਪ੍ਰੋਜੈਕਟਾਂ ਲਈ ਵੀ ਮਦਦਗਾਰ ਹੈ ਜੋ ਸਰਕਾਰ ਦੇ ਡਰਾਟ ਐਂਡ ਫਲੱਡ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।

ਇਨ੍ਹਾਂ ਮੈਪਾਂ ਰਾਹੀਂ ਇਹ ਜਾਣਨਾ ਆਸਾਨ ਹੋ ਜਾਂਦਾ ਹੈ ਕਿ ਕਿਹੜੇ ਇਲਾਕੇ ਹੜ੍ਹ ਦੀ ਚਪੇਟ ਵਿੱਚ ਆ ਸਕਦੇ ਹਨ, ਕਿਹੜਾ ਜ਼ਰੂਰੀ ਬੁਨਿਆਦੀ ਢਾਂਚਾ ਖਤਰੇ ਵਿੱਚ ਹੈ ਅਤੇ ਕਿਹੜੀਆਂ ਸੜਕਾਂ ਬੰਦ ਹੋ ਸਕਦੀਆਂ ਹਨ। ਇਹ ਜਾਣਕਾਰੀ ਐਮਰਜੈਂਸੀ ਹਾਲਾਤਾਂ ਵਿੱਚ ਲੋਕ ਸੁਰੱਖਿਆ ਲਈ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ।ਰੂਰਲ ਮਿਊਂਸਪੈਲਿਟੀਜ਼ ਆਫ ਅਲਬਰਟਾ ਦੀ ਪ੍ਰਧਾਨ ਕਾਰਾ ਵੈਸਟਰਲੰਡ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਫਲੱਡ ਮੈਪਿੰਗ ਲਈ ਸੂਬਾਈ ਨਿਵੇਸ਼ ਐਮਰਜੈਂਸੀ ਯੋਜਨਾਬੰਦੀ ਅਤੇ ਬਚਾਅ ਕਾਰਜਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।ਇਸੇ ਤਰ੍ਹਾਂ ਡਿਡਜ਼ਬਰੀ ਸ਼ਹਿਰ ਦੇ ਮੇਅਰ ਕ੍ਰਿਸ ਲਿਟਲ ਨੇ ਵੀ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਪਾਣੀ ਵਾਲੇ ਖੇਤਰਾਂ ਦੇ ਨੇੜੇ ਸੁਰੱਖਿਅਤ ਵਿਕਾਸ ਯਕੀਨੀ ਬਣਾਉਣ ਲਈ ਇਸ ਤਰ੍ਹਾਂ ਦੇ ਅਧਿਐਨ ਬਹੁਤ ਜ਼ਰੂਰੀ ਹਨ।ਸਰਕਾਰ ਮੁਤਾਬਕ ਜੂਨ ਮਹੀਨੇ ਵਿੱਚ ਲਗਭਗ 330 ਕਿਲੋਮੀਟਰ ਮੈਪਿੰਗ ਜਨਤਕ ਵਿਚਾਰ-ਵਟਾਂਦਰੇ ਲਈ ਜਾਰੀ ਕੀਤੀ ਜਾਵੇਗੀ। ਇਸ ਵਿੱਚ ਐਡਸਨ, ਗਾਰਡਨ ਰਿਵਰ, ਗ੍ਰਾਂਡ ਪ੍ਰੇਰੀ, ਕਿਨੂਸੋ, ਲਾਕੋਮਬ, ਲੈਮੌਂਟ, ਮੈਨਿੰਗ, ਮਿਲਟ, ਪੈਡਲ ਪ੍ਰੇਰੀ, ਪੀਅਰਜ਼, ਪੋਨੋਕਾ, ਰੌਬ ਅਤੇ ਵਾਟੀਨੋ ਖੇਤਰ ਸ਼ਾਮਲ ਹਨ। ਜਨਤਕ ਸੁਝਾਵਾਂ ਤੋਂ ਬਾਅਦ ਇਹ ਮੈਪਿੰਗ 2026 ਦੇ ਅੰਤ ਤੱਕ ਅੰਤਿਮ ਰੂਪ ਵਿੱਚ ਜਾਰੀ ਕੀਤੀ ਜਾਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਕਾਰਬਨ, ਚਾਟੇਹ, ਕ੍ਰੋਜ਼ਨੈਸਟ ਪਾਸ, ਲੈਥਬ੍ਰਿਜ, ਰਾਇਕਰਾਫਟ, ਥੋਰਜ਼ਬੀ ਅਤੇ ਟੂ ਹਿਲਜ਼ ਖੇਤਰਾਂ ਲਈ ਲਗਭਗ 250 ਕਿਲੋਮੀਟਰ ਮੈਪਿੰਗ ਦਾ ਤਕਨੀਕੀ ਕੰਮ ਪੂਰਾ ਹੋ ਚੁੱਕਾ ਹੈ। ਇਹ ਡਰਾਫਟ ਰਿਪੋਰਟਾਂ ਅਤੇ ਮੈਪ ਇਸ ਗਰਮੀ ਦੌਰਾਨ ਸਥਾਨਕ ਪ੍ਰਸ਼ਾਸਨਾਂ ਨਾਲ ਸਾਂਝੇ ਕੀਤੇ ਜਾਣਗੇ, ਜਦਕਿ ਜਨਤਕ ਸਲਾਹ-ਮਸ਼ਵਰਾ ਬਾਅਦ ਵਿੱਚ ਕੀਤਾ ਜਾਵੇਗਾ। ਇਨ੍ਹਾਂ ਨੂੰ 2027 ਦੀ ਬਸੰਤ ਤੱਕ ਅੰਤਿਮ ਰੂਪ ਦਿੱਤਾ ਜਾਣ ਦੀ ਉਮੀਦ ਹੈ।