ਅਲਬਰਟਾ ਵਿੱਚ ਵੋਟਰ ਡਾਟਾ ਲੀਕ ਮਾਮਲੇ ’ਤੇ ਯੂਸੀਪੀ ਤੇ ਐਨਡੀਪੀ ਆਹਮਣੇ-ਸਾਹਮਣੇ
ਐਡਮੰਟਨ-ਅਲਬਰਟਾ ਦੀ ਪੂਰੀ ਚੋਣ ਸੂਚੀ, ਜਿਸ ਵਿੱਚ ਕਰੀਬ 30 ਲੱਖ ਵੋਟਰਾਂ ਦੀ ਨਿੱਜੀ ਜਾਣਕਾਰੀ ਸ਼ਾਮਲ ਹੈ, ਇੱਕ ਵੱਖਵਾਦੀ ਐਪ ’ਤੇ ਜਨਤਕ ਹੋਣ ਦੇ ਮਾਮਲੇ ਨੇ ਸੂਬਾਈ ਰਾਜਨੀਤੀ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਸੱਤਾਧਾਰੀ ਯੂਨਾਈਟਡ ਕਨਜ਼ਰਵੇਟਿਵ ਪਾਰਟੀ (UCP) ਅਤੇ ਵਿਰੋਧੀ ਐਨਡੀਪੀ ਵਿਚਕਾਰ ਤਿੱਖੀ ਬਹਿਸ ਹੋਈ।ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਐਨਡੀਪੀ ਆਗੂ ਨਾਹੀਦ ਨੈਂਸ਼ੀ ਨੂੰ ਇਹ ਮਾਮਲਾ ਪਹਿਲਾਂ ਹੀ ਸਰਕਾਰ ਨੂੰ ਦੱਸਣਾ ਚਾਹੀਦਾ ਸੀ। ਦੂਜੇ ਪਾਸੇ ਨੈਂਸ਼ੀ ਨੇ ਦੋਸ਼ ਲਗਾਇਆ ਕਿ ਯੂਸੀਪੀ ਦਾ ਇੱਕ ਸਟਾਫ ਮੈਂਬਰ 16 ਅਪ੍ਰੈਲ ਨੂੰ ਹੋਈ “ਸੈਂਚੂਰੀਅਨ ਪ੍ਰੋਜੈਕਟ” ਦੀ ਮੀਟਿੰਗ ਵਿੱਚ ਮੌਜੂਦ ਸੀ, ਜਿੱਥੇ ਇਹ ਡਾਟਾਬੇਸ ਦਿਖਾਇਆ ਗਿਆ ਸੀ, ਪਰ ਉਸ ਨੇ ਕਿਸੇ ਨੂੰ ਸੂਚਿਤ ਨਹੀਂ ਕੀਤਾ।ਇਹ “ਸੈਂਚੂਰੀਅਨ ਪ੍ਰੋਜੈਕਟ” ਡੇਵਿਡ ਪਾਰਕਰ ਦੀ ਅਗਵਾਈ ਹੇਠ ਚੱਲ ਰਿਹਾ ਇੱਕ ਪ੍ਰੋ-ਸੈਪਰਟਿਸਟ ਗਰੁੱਪ ਹੈ। ਐਨਡੀਪੀ ਦਾ ਦਾਅਵਾ ਹੈ ਕਿ ਮੀਟਿੰਗ ਦੌਰਾਨ ਵੋਟਰਾਂ ਦੀ ਨਿੱਜੀ ਜਾਣਕਾਰੀ ਵਾਲੀ ਸੂਚੀ ਦਿਖਾਈ ਗਈ ਅਤੇ ਇਸ ਤੱਕ ਪਹੁੰਚ ਬਾਰੇ ਗੱਲਬਾਤ ਹੋਈ।
ਯੂਸੀਪੀ ਕਾਕਸ ਨੇ ਮੰਨਿਆ ਕਿ ਉਹਨਾਂ ਦਾ ਇੱਕ ਸਟਾਫ ਮੈਂਬਰ ਮੀਟਿੰਗ ਵਿੱਚ ਸ਼ਾਮਲ ਸੀ, ਪਰ ਕਿਹਾ ਕਿ ਮੀਟਿੰਗ ਦੇ ਆਯੋਜਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਡਾਟਾ “ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤਾ ਗਿਆ ਹੈ।” ਸਰਕਾਰ ਦਾ ਕਹਿਣਾ ਹੈ ਕਿ ਸਟਾਫ ਨੂੰ ਉਸ ਵੇਲੇ ਇਸ ਡਾਟੇ ਦੇ ਗੈਰਕਾਨੂੰਨੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ।ਇਸ ਮਾਮਲੇ ਦੀ ਜਾਂਚ ਹੁਣ RCMP, ਇਲੈਕਸ਼ਨਜ਼ ਅਲਬਰਟਾ ਅਤੇ ਅਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਹੈ। ਇਲੈਕਸ਼ਨਜ਼ ਅਲਬਰਟਾ ਨੇ ਕਿਹਾ ਕਿ ਲੀਕ ਹੋਇਆ ਡਾਟਾ ਉਸ ਅਧਿਕਾਰਿਕ ਵੋਟਰ ਸੂਚੀ ਨਾਲ ਮਿਲਦਾ ਹੈ ਜੋ ਰਿਪਬਲਿਕਨ ਪਾਰਟੀ ਆਫ਼ ਅਲਬਰਟਾ ਨੂੰ ਦਿੱਤੀ ਗਈ ਸੀ।ਇਸ ਤੋਂ ਪਹਿਲਾਂ ਇੱਕ ਜੱਜ ਵੱਲੋਂ ਸੈਂਚੂਰੀਅਨ ਪ੍ਰੋਜੈਕਟ ਦੇ ਡਾਟਾਬੇਸ ਨੂੰ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਜਾ ਚੁੱਕੇ ਹਨ।ਲੰਬੇ ਸਮੇਂ ਤੋਂ ਕਨਜ਼ਰਵੇਟਿਵ ਕੈਂਪੇਨ ਮੈਨੇਜਰ ਰਹੇ ਕੇਨ ਬੋਇਸੈਂਕੂਲ ਨੇ ਕਿਹਾ ਕਿ ਇਸ ਮਾਮਲੇ ’ਤੇ ਸਰਕਾਰ ਨੂੰ ਜਨਤਕ ਜਾਂਚ ਬਿਠਾਉਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਸਰਕਾਰ ਇਸ ਮਾਮਲੇ ਨੂੰ ਢੰਗ ਨਾਲ ਹੱਲ ਕਰਨ ਵਿੱਚ ਨਾਕਾਮ ਰਹੀ ਹੈ।
ਨਾਹੀਦ ਨੈਂਸ਼ੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਇਸ ਮਾਮਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਪ੍ਰੀਮੀਅਰ ਹਰ ਵਾਰ ਇਹੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ।”ਦੂਜੇ ਪਾਸੇ ਯੂਸੀਪੀ ਨੇ ਵਿਧਾਨ ਸਭਾ ਵਿੱਚ “ਪੌਇੰਟ ਆਫ ਪ੍ਰਿਵਿਲੇਜ” ਵੀ ਉਠਾਇਆ ਹੈ ਅਤੇ ਦੋਸ਼ ਲਗਾਇਆ ਹੈ ਕਿ ਨੈਂਸ਼ੀ ਨੇ ਇਹ ਜਾਣਕਾਰੀ ਪਹਿਲਾਂ ਨਾ ਦੇ ਕੇ ਵਿਧਾਇਕਾਂ ਨੂੰ ਖਤਰੇ ਵਿੱਚ ਪਾਇਆ।ਇਸ ਮਾਮਲੇ ’ਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਵੀਰਵਾਰ ਨੂੰ ਫੈਸਲਾ ਆਉਣ ਦੀ ਉਮੀਦ ਹੈ।
















