ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਤੇ ਲਗਾਏ ਗੰਭੀਰ ਦੋਸ਼, ਵਿਰੋਧੀ ਧਿਰਾਂ ਨੇ ਕੀਤਾ ਪਲਟਵਾਰ
ਚੰਡੀਗੜ੍ਹ-ਪੰਜਾਬ ਵਿੱਚ ਸੁਰੱਖਿਆ ਸਥਾਨਾਂ ਨੇੜੇ ਹੋਏ ਦੋ ਧਮਾਕਿਆਂ ਮਗਰੋਂ ਸੂਬੇ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਤੇ ਸਿੱਧੇ ਤੌਰ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉੱਧਰ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰ ਅਤੇ ਧਿਆਨ ਭਟਕਾਉਣ ਵਾਲਾ ਕਰਾਰ ਦਿੱਤਾ ਹੈ।ਮੰਗਲਵਾਰ ਰਾਤ ਪੰਜਾਬ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਧਮਾਕੇ ਹੋਏ। ਪਹਿਲਾ ਧਮਾਕਾ ਜਲੰਧਰ ਵਿੱਚ ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਨੇੜੇ ਹੋਇਆ, ਜਦਕਿ ਦੂਜਾ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਫੌਜੀ ਛਾਵਣੀ ਕੋਲ ਵਾਪਰਿਆ।
ਆਨੰਦਪੁਰ ਸਾਹਿਬ ਵਿੱਚ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ “ਛੋਟੇ ਧਮਾਕੇ” ਭਾਜਪਾ ਦੀ ਰਾਜਨੀਤਿਕ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਜਪਾ ਕਿਸੇ ਰਾਜ ਵਿੱਚ ਚੋਣਾਂ ਲਈ ਤਿਆਰੀ ਕਰਦੀ ਹੈ ਤਾਂ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਦੰਗੇ, ਧਮਾਕੇ ਜਾਂ ਧਾਰਮਿਕ ਤਣਾਅ ਵਾਲਾ ਮਾਹੌਲ ਬਣਾਇਆ ਜਾਂਦਾ ਹੈ।
ਮਾਨ ਨੇ ਕਿਹਾ, “ਹੁਣ ਬੰਗਾਲ ਚੋਣਾਂ ਖਤਮ ਹੋ ਚੁੱਕੀਆਂ ਹਨ, ਇਸ ਲਈ ਭਾਜਪਾ ਦਾ ਧਿਆਨ ਪੰਜਾਬ ਵੱਲ ਹੈ। ਪੰਜਾਬ ਹਮੇਸ਼ਾਂ ‘ਸਰਬੱਤ ਦਾ ਭਲਾ’ ਅਤੇ ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਆਇਆ ਹੈ। ਪੰਜਾਬੀ ਹਮੇਸ਼ਾਂ ਦੇਸ਼ ਨਾਲ ਚੱਟਾਨ ਵਾਂਗ ਖੜੇ ਰਹੇ ਹਨ।”ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਕੋਲ ਆਪਣੇ ਦੋਸ਼ਾਂ ਦੇ ਸਬੂਤ ਹਨ ਤਾਂ ਉਹ ਜਨਤਕ ਕਰਨ, ਨਹੀਂ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਭਾਜਪਾ ਦੋਸ਼ੀ ਹੈ ਤਾਂ ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਇਸ ਮਾਮਲੇ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਉਠਾਇਆ ਕਿ ਪੰਜਾਬ ਦੇ ਲੋਕ ਕਿਸ ’ਤੇ ਭਰੋਸਾ ਕਰਨ — ਸੂਬੇ ਦੀ ਰਾਜਨੀਤਿਕ ਲੀਡਰਸ਼ਿਪ ’ਤੇ ਜਾਂ ਫਿਰ ਪੁਲਿਸ ਦੇ ਉੱਚ ਅਧਿਕਾਰੀਆਂ ’ਤੇ। ਕਿਉਂਕਿ ਇੱਕ ਪਾਸੇ ਡੀਜੀਪੀ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੋਣ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਾਜਪਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।ਉੱਧਰ ਪੰਜਾਬ ਪੁਲਿਸ ’ਤੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ, ਕਿਉਂਕਿ ਪਿਛਲੇ 10 ਦਿਨਾਂ ਵਿੱਚ ਤਿੰਨ ਧਮਾਕਿਆਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
















