ਪੰਜਾਬ ਦੀਆਂ 35 ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਹੁਕਮ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
Punjab Mandi Board has ordered the closure of paddy procurement at 35 mandis and purchase centres across Amritsar, Kapurthala, Tarn Taran and Mohali districts during the ongoing procurement season.
ਐੱਸ.ਏ.ਐੱਸ. ਨਗਰ-ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਜਾਰੀ ਹੋਣ ਦੇ ਬਾਵਜੂਦ ਪੰਜਾਬ ਮੰਡੀ ਬੋਰਡ ਨੇ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੀ ਸਿਫ਼ਾਰਸ਼ ’ਤੇ ਲਿਆ ਗਿਆ ਹੈ। ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਹੁਕਮ ਮੰਗਲਵਾਰ ਸ਼ਾਮ ਪੰਜ ਵਜੇ ਤੋਂ ਲਾਗੂ ਕੀਤੇ ਗਏ ਹਨ।
ਖ਼ਰੀਦ ਬੰਦ ਕਰਨ ਦੇ ਇਸ ਫ਼ੈਸਲੇ ਨਾਲ ਅੰਮ੍ਰਿਤਸਰ, ਕਪੂਰਥਲਾ, ਤਰਨ ਤਾਰਨ ਅਤੇ ਮੁਹਾਲੀ ਜ਼ਿਲ੍ਹਿਆਂ ਦੀਆਂ ਮੰਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਮੰਡੀਆਂ ਵਿੱਚ ਅਜੇ ਵੀ ਝੋਨੇ ਦੀ ਆਮਦ ਜਾਰੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਪੰਜਾਬ ਦੀਆਂ ਬਾਕੀ ਮੁੱਖ ਮੰਡੀਆਂ, ਸਬ-ਯਾਰਡਾਂ ਅਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਜਾਰੀ ਰਹੇਗੀ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਟਾਹਲੀ ਸਾਹਿਬ, ਭੋਏਵਾਲ, ਜਲਾਲ ਉਸਮਾ, ਜਸਰੌਰ, ਰਾਜਾਤਾਲ, ਬਚੀਵਿੰਡ, ਖਲਚੀਆਂ, ਕਾਲੇਕੇ, ਤਰਸਿੱਕਾ, ਗਿੱਲ, ਖਤਰਾਏ ਕਲਾਂ, ਚੱਕ ਸਿਕੰਦਰ, ਚਮਿਆਰੀ, ਸਾਹਬਾਜ਼ਪੁਰ ਛੀਨਾ, ਟਾਂਗਰਾ, ਢੱਡੇ ਅਤੇ ਸਠਿਆਲਾ ਦੀਆਂ ਮੰਡੀਆਂ ਸ਼ਾਮਲ ਹਨ। ਕਪੂਰਥਲਾ ਜ਼ਿਲ੍ਹੇ ਵਿੱਚ ਲੱਖਣਕੇ ਪੱਡੇ, ਪਰਮਜਿੱਤਪੁਰ ਅਤੇ ਭਰੋਆਨਾ ਵਿਖੇ ਖ਼ਰੀਦ ਬੰਦ ਕੀਤੀ ਗਈ ਹੈ।
ਤਰਨ ਤਾਰਨ ਜ਼ਿਲ੍ਹੇ ਵਿੱਚ ਸ਼ੇਰੋਂ, ਚੱਕ ਕਰੇ ਖਾਂ, ਮੀਆਂਵਿੰਡ, ਖਡੂਰ ਸਾਹਿਬ, ਵਾ ਤਾਰਾ ਸਿੰਘ, ਕਸੇਲ, ਢੋਟੀਆਂ, ਠੱਠੀਆਂ ਮਹੱਨਤਾ, ਰੱਤੋਕੇ ਅਤੇ ਰਾਜੋਕੇ ਦੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਨਗਲਾ ਰੋਡ (ਜ਼ੀਰਕਪੁਰ), ਧਨੋਨੀ, ਟਿਵਾਣਾ, ਸਨੇਟਾ ਅਤੇ ਅਮਲਾਲਾ ਦੇ ਖ਼ਰੀਦ ਕੇਂਦਰਾਂ ਵਿੱਚ ਵੀ ਝੋਨੇ ਦੀ ਖ਼ਰੀਦ ਨਹੀਂ ਹੋਵੇਗੀ।
















