OSAP ਮਾਮਲਾ: ਧੋਖਾਧੜੀ ਕਾਰਨ ਬੇਕਸੂਰ ਵਿਦਿਆਰਥੀਆਂ ਦੀ ਸਹਾਇਤਾ ਰੁਕੀ: ਡੱਗ ਫੋਰਡ
Ontario Premier Doug Ford says alleged OSAP fraud has affected innocent students. Funding was suspended for students at 242 private career colleges while an audit examined suspected irregularities. Seven colleges reportedly received $385 million in grants in 2024–25. Opposition members are demanding accountability and the restoration of eligible students’ funding.
ਓਂਟਾਰੀਓ-ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਹੈ ਕਿ OSAP ਪ੍ਰੋਗਰਾਮ ਵਿੱਚ ਕਥਿਤ ਧੋਖਾਧੜੀ ਕਾਰਨ ਬੇਕਸੂਰ ਵਿਦਿਆਰਥੀਆਂ ਨੂੰ ਵੀ ਸਰਕਾਰੀ ਵਿੱਤੀ ਸਹਾਇਤਾ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਕੁਝ ਮਾੜੇ ਅਨਸਰਾਂ ਨੇ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਹੈ।
ਸੂਬਾ ਸਰਕਾਰ ਨੇ ਅਕਤੂਬਰ ਦੇ ਸ਼ੁਰੂ ਵਿੱਚ ਸਾਰੇ 242 ਪ੍ਰਾਈਵੇਟ ਕਰੀਅਰ ਕਾਲਜਾਂ ਦੇ ਵਿਦਿਆਰਥੀਆਂ ਲਈ OSAP ਸਹਾਇਤਾ ਰੋਕ ਦਿੱਤੀ ਸੀ। ਸਰਕਾਰ ਨੇ ਬੇਨਿਯਮੀਆਂ ਦੀ ਜਾਂਚ ਲਈ ਕੇਪੀਐੱਮਜੀ (KPMG) ਨੂੰ ਜ਼ਿੰਮੇਵਾਰੀ ਸੌਂਪੀ। ਮੁੱਢਲੀ ਜਾਂਚ ਵਿੱਚ ਕਾਲਜਾਂ ਅਤੇ ਇਮੀਗ੍ਰੇਸ਼ਨ ਫਰਮਾਂ ਵਿਚਕਾਰ ਸਬੰਧਾਂ, ਵਿਦਿਆਰਥੀਆਂ ਦੀ ਤਸਦੀਕ ਵਿੱਚ ਕਮੀਆਂ ਅਤੇ ਵੱਡੀ ਗਿਣਤੀ ਵਿੱਚ ਅਰਜ਼ੀਆਂ ਆਉਣ ਬਾਰੇ ਚਿੰਤਾਵਾਂ ਸਾਹਮਣੇ ਆਈਆਂ।
ਰਿਪੋਰਟਾਂ ਮੁਤਾਬਕ 2024-25 ਦੇ ਅਕਾਦਮਿਕ ਸਾਲ ਦੌਰਾਨ ਸੱਤ ਕਾਲਜਾਂ ਨੂੰ OSAP ਗ੍ਰਾਂਟਾਂ ਵਜੋਂ ਲਗਪਗ 385 ਮਿਲੀਅਨ ਡਾਲਰ ਮਿਲੇ। ਸਰਕਾਰ ਨੇ ਜਾਂਚ ਦੀ ਅੰਤਰਿਮ ਰਿਪੋਰਟ ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਨੂੰ ਭੇਜ ਦਿੱਤੀ ਹੈ, ਪਰ ਅਪਰਾਧਿਕ ਜਾਂਚ ਸ਼ੁਰੂ ਹੋਣ ਦੀ ਪੁਸ਼ਟੀ ਹਾਲੇ ਨਹੀਂ ਹੋਈ।
ਵਿਰੋਧੀ ਧਿਰ ਨੇ ਸਰਕਾਰ ਤੋਂ ਜਵਾਬਦੇਹੀ ਤੈਅ ਕਰਨ ਅਤੇ ਯੋਗ ਵਿਦਿਆਰਥੀਆਂ ਦੀ ਰੋਕੀ ਗਈ ਸਹਾਇਤਾ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਨਾਲ ਜੁੜੀਆਂ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੰਜਾਬ ਪੁਲੀਸ ਨੇ ਵੀ ਅਕਤੂਬਰ ਵਿੱਚ 35 ਪੋਸਟਾਂ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ।
ਇਸ ਤੋਂ ਪਹਿਲਾਂ ਫਰਵਰੀ ਵਿੱਚ ਓਂਟਾਰੀਓ ਸਰਕਾਰ ਨੇ OSAP ਸਹਾਇਤਾ ਵਿੱਚ ਗ੍ਰਾਂਟਾਂ ਦਾ ਵੱਧ ਤੋਂ ਵੱਧ ਹਿੱਸਾ 85 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤਾ ਸੀ। ਇਸ ਕਾਰਨ ਵਿਦਿਆਰਥੀਆਂ ’ਤੇ ਕਰਜ਼ੇ ਦਾ ਬੋਝ ਵਧਿਆ ਹੈ ਅਤੇ ਕਈਆਂ ਨੂੰ ਪੜ੍ਹਾਈ ਦੇ ਨਾਲ ਨੌਕਰੀਆਂ ਕਰਨ ਜਾਂ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
















