ਅਲਬਰਟਾ NDP ਦੇ ਚਾਰ ਵਿਧਾਇਕ 2027 ਦੀ ਚੋਣ ਨਹੀਂ ਲੜਣਗੇ
ਐਡਮੰਟਨ-ਅਲਬਰਟਾ ਦੀ ਵਿਰੋਧੀ ਪਾਰਟੀ NDP ਦੇ ਚਾਰ ਤਜਰਬੇਕਾਰ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਹ 2027 ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਮੁੜ ਚੋਣ ਨਹੀਂ ਲੜਣਗੇ।ਚੋਣ ਮੈਦਾਨ ਤੋਂ ਦੂਰ ਰਹਿਣ ਵਾਲਿਆਂ ਵਿੱਚ ਕੈਲਗਰੀ ਦੇ ਸਾਬਕਾ ਸਿਟੀ ਕੌਂਸਲਰ ਜੋ ਸੇਸੀ (Joe Ceci), ਮਾਰਲਿਨ ਸ਼ਮਿਟ (Marlin Schmidt), ਲੋਰੀ ਸਿਗਰਡਸਨ (Lori Sigurdson) ਅਤੇ ਡਾ. ਲੁਆਨ ਮੈਟਜ਼ (Dr. Luanne Metz) ਸ਼ਾਮਲ ਹਨ। ਸੇਸੀ, ਸ਼ਮਿਟ ਅਤੇ ਸਿਗਰਡਸਨ ਪਹਿਲੀ ਵਾਰ 2015 ਵਿੱਚ ਵਿਧਾਇਕ ਚੁਣੇ ਗਏ ਸਨ, ਜਦੋਂ ਸਾਬਕਾ ਪ੍ਰੀਮੀਅਰ ਰੈਚਲ ਨਾਟਲੀ (Rachel Notley) ਦੀ ਅਗਵਾਈ ਹੇਠ NDP ਨੇ ਬਹੁਮਤ ਸਰਕਾਰ ਬਣਾਈ ਸੀ। ਡਾ. ਮੈਟਜ਼ 2023 ਵਿੱਚ ਵਿਧਾਇਕ ਚੁਣੀ ਗਈ ਸੀ।
ਪਾਰਟੀ ਅਨੁਸਾਰ ਇਹ ਚਾਰੇ ਆਗੂ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨਗੇ। ਇਸ ਦੇ ਨਾਲ ਹੀ ਅਗਲੀ ਸੂਬਾਈ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਦੀ ਨਾਮਜ਼ਦਗੀ ਹੋ ਚੁੱਕੀ ਹੈ।NDP ਆਗੂ ਨਹੀਦ ਨੇਂਸ਼ੀ (Naheed Nenshi) ਨੇ ਚਾਰਾਂ ਵਿਧਾਇਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੱਕ ਲੋਕ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਨੇਂਸ਼ੀ ਨੇ ਕਿਹਾ, “ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਆਗੂ ਆਉਣ ਵਾਲੇ ਸਾਲਾਂ ਵਿੱਚ ਵੀ ਆਪਣੇ ਭਾਈਚਾਰਿਆਂ ਦੀ ਸੇਵਾ ਕਰਦੇ ਰਹਿਣਗੇ। ਪੂਰੇ ਕਾਕਸ ਵੱਲੋਂ ਮੈਂ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕਰਦਾ ਹਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।” ਇਹ ਐਲਾਨ NDP ਦੀ ਬਸੰਤ ਰੁੱਤ ਦੀ ਸੂਬਾਈ ਕੌਂਸਲ ਮੀਟਿੰਗ ਦੌਰਾਨ ਕੀਤਾ ਗਿਆ।ਕੈਲਗਰੀ-ਬਫੈਲੋ ਤੋਂ ਵਿਧਾਇਕ ਜੋ ਸੇਸੀ, ਨਾਟਲੀ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ 15 ਸਾਲਾਂ ਤੱਕ ਕੈਲਗਰੀ ਸਿਟੀ ਕੌਂਸਲ ਦੇ ਮੈਂਬਰ ਰਹੇ ਸਨ।ਐਡਮੰਟਨ-ਗੋਲਡ ਬਾਰ ਦੇ ਵਿਧਾਇਕ ਮਾਰਲਿਨ ਸ਼ਮਿਟ ਨਾਟਲੀ ਸਰਕਾਰ ਵਿੱਚ ਉੱਚ ਸਿੱਖਿਆ ਮੰਤਰੀ ਰਹੇ, ਜਦਕਿ ਐਡਮੰਟਨ-ਰਿਵਰਵਿਊ ਦੀ ਨੁਮਾਇੰਦਗੀ ਕਰਨ ਵਾਲੀ ਲੋਰੀ ਸਿਗਰਡਸਨ ਸੀਨੀਅਰਜ਼ ਅਤੇ ਹਾਊਸਿੰਗ ਮੰਤਰੀ ਵਜੋਂ ਸੇਵਾ ਨਿਭਾ ਚੁੱਕੀ ਹੈ।
ਕੈਲਗਰੀ-ਵਰਸਿਟੀ ਦੀ ਵਿਧਾਇਕ ਡਾ. ਲੁਆਨ ਮੈਟਜ਼ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕੈਲਗਰੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਖੋਜਕਾਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਲਬਰਟਾ ਦੀ ਸਰਕਾਰੀ ਸਿਹਤ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਵਿਧਾਇਕੀ ਛੱਡਣ ਤੋਂ ਬਾਅਦ ਵੀ ਇਹ ਕੰਮ ਜਾਰੀ ਰੱਖਣਗੀ।ਪਿਛਲੇ ਛੇ ਮਹੀਨਿਆਂ ਦੌਰਾਨ ਅਲਬਰਟਾ ਦੀਆਂ ਦੋਵੇਂ ਵੱਡੀਆਂ ਪਾਰਟੀਆਂ—NDP ਅਤੇ UCP—ਦੇ ਕਈ ਵਿਧਾਇਕਾਂ ਨੇ ਅਗਲੀ ਚੋਣ ਨਾ ਲੜਣ ਦਾ ਫੈਸਲਾ ਕੀਤਾ ਹੈ।
UCP ਸਰਕਾਰ ਦੇ ਮੰਤਰੀ ਨੇਟ ਹੋਰਨਰ (Nate Horner) ਅਤੇ ਮੈਟ ਜੋਨਜ਼ (Matt Jones) ਵੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਮੁੜ ਚੋਣ ਨਹੀਂ ਲੜਣਗੇ। ਇਹ ਫੈਸਲੇ ਉਸ ਸਮੇਂ ਸਾਹਮਣੇ ਆਏ ਜਦੋਂ ਸੂਬੇ ਵਿੱਚ ਅਲੱਗਾਵਾਦੀ ਜਨਮਤ ਸੰਗ੍ਰਹਿ (Separation Referendum) ਬਾਰੇ ਚਰਚਾ ਚੱਲ ਰਹੀ ਸੀ, ਜਿਸ ਨਾਲ ਦੋਵੇਂ ਆਗੂ ਸਹਿਮਤ ਨਹੀਂ ਸਨ।NDP ਨੇ ਦੱਸਿਆ ਹੈ ਕਿ ਖਾਲੀ ਹੋ ਰਹੀਆਂ ਚਾਰ ਸੀਟਾਂ ਲਈ ਉਮੀਦਵਾਰਾਂ ਦੀ ਨਾਮਜ਼ਦਗੀ ਸਬੰਧੀ ਤਾਰੀਖਾਂ ਦਾ ਐਲਾਨ ਆਉਣ ਵਾਲੇ ਹਫ਼ਤਿਆਂ ਵਿੱਚ ਕੀਤਾ ਜਾਵੇਗਾ।
















