ਅਲਬਰਟਾ ਅਤੇ ਸਸਕੈਚਵਨ ਦੇ 17 ਸਾਫ਼ ਊਰਜਾ ਪ੍ਰੋਜੈਕਟਾਂ ਲਈ ਕੈਨੇਡਾ ਸਰਕਾਰ ਵੱਲੋਂ 2.6 ਕਰੋੜ ਡਾਲਰ ਦੀ ਫੰਡਿੰਗ
ਕੈਲਗਰੀ-ਕੈਨੇਡਾ ਦੀ ਸੰਘੀ ਸਰਕਾਰ ਨੇ ਅਲਬਰਟਾ ਅਤੇ ਸਸਕੈਚਵਨ ਵਿੱਚ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ 17 ਪ੍ਰੋਜੈਕਟਾਂ ਵਾਸਤੇ 2 ਕਰੋੜ 60 ਲੱਖ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਕੈਲਗਰੀ ਵਿੱਚ ਸੰਘੀ ਊਰਜਾ ਮੰਤਰੀ ਟਿਮ ਹੌਜਸਨ ਨੇ ਦਿੱਤੀ।ਮੰਤਰੀ ਹੌਜਸਨ ਨੇ ਕਿਹਾ ਕਿ ਇਸ ਰਕਮ ਦੀ ਵਰਤੋਂ ਊਰਜਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ, ਬਿਜਲੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਰਬਨ ਨਿਕਾਸ ਵਿੱਚ ਕਮੀ ਲਿਆਉਣ ਲਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 17 ਵਿੱਚੋਂ ਕਰੀਬ 10 ਪ੍ਰੋਜੈਕਟ ਊਰਜਾ ਸਟੋਰੇਜ, ਸੂਰਜੀ ਅਤੇ ਪੌਣ ਊਰਜਾ ਦੇ ਵਿਕਾਸ, ਸੂਬਿਆਂ ਦਰਮਿਆਨ ਬਿਜਲੀ ਟਰਾਂਸਮਿਸ਼ਨ ਯੋਜਨਾਵਾਂ, ਆਦਿਵਾਸੀ ਭਾਈਚਾਰਿਆਂ ਦੀ ਅਗਵਾਈ ਹੇਠ ਚੱਲਣ ਵਾਲੀਆਂ ਸਾਫ਼ ਊਰਜਾ ਪਹਿਲਕਦਮੀਆਂ ਅਤੇ ਇਸ ਖੇਤਰ ਲਈ ਹੁਨਰਮੰਦ ਕਰਮਚਾਰੀਆਂ ਦੀ ਤਿਆਰੀ 'ਤੇ ਕੇਂਦਰਿਤ ਹੋਣਗੇ।ਹੌਜਸਨ ਨੇ ਕਿਹਾ ਕਿ ਸੰਘੀ ਸਰਕਾਰ ਦਾ ਟੀਚਾ ਕੈਨੇਡਾ ਦੇ ਬਿਜਲੀ ਗਰਿੱਡ ਨੂੰ ਹੋਰ ਆਪਸ ਵਿੱਚ ਜੋੜਨਾ ਅਤੇ 2050 ਤੱਕ ਇਸ ਦੀ ਸਮਰੱਥਾ ਦੋਗੁਣੀ ਕਰਨੀ ਹੈ, ਤਾਂ ਜੋ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਕਿਫਾਇਤੀ, ਭਰੋਸੇਯੋਗ ਅਤੇ ਸਾਫ਼ ਬਿਜਲੀ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਊਰਜਾ ਕੈਨੇਡਾ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਰਕਾਰ ਦੇਸ਼ ਨੂੰ ਇੱਕ ਮਜ਼ਬੂਤ ਊਰਜਾ ਸ਼ਕਤੀ ਬਣਾਉਣ ਦੇ ਨਾਲ-ਨਾਲ ਟਿਕਾਊ ਵਿਕਾਸ ਦੇ ਰਾਹ 'ਤੇ ਵੀ ਅੱਗੇ ਵਧਾ ਰਹੀ ਹੈ।ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਅਲਬਰਟਾ ਸਰਕਾਰ ਨੇ ਨਵੇਂ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਮੁੱਖ ਮੰਤਰੀ ਡੈਨੀਅਲ ਸਮਿਥ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਅਲਬਰਟਾ ਸਰਕਾਰ ਸੰਘੀ ਮਲਕੀਅਤ ਵਾਲੀ ਟ੍ਰਾਂਸ ਮਾਊਂਟੇਨ ਕਾਰਪੋਰੇਸ਼ਨ ਅਤੇ ਕੈਲਗਰੀ ਸਥਿਤ ਪੈਂਬੀਨਾ ਪਾਈਪਲਾਈਨ ਨਾਲ ਭਾਈਵਾਲੀ ਕਰ ਰਹੀ ਹੈ।ਪ੍ਰਸਤਾਵ ਅਨੁਸਾਰ ਇਹ ਪਾਈਪਲਾਈਨ ਐਡਮੰਟਨ ਦੇ ਉੱਤਰ-ਪੂਰਬ ਵਿੱਚ ਸਥਿਤ ਬਰੂਡਰਹਾਈਮ ਤੋਂ ਸ਼ੁਰੂ ਹੋ ਕੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਤੱਕ ਮੌਜੂਦਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਦੇ ਰੂਟ ਦੇ ਨਾਲ-ਨਾਲ ਬਣਾਈ ਜਾਵੇਗੀ। ਇਸ ਰਾਹੀਂ ਹਰ ਰੋਜ਼ 10 ਲੱਖ ਤੋਂ ਵੱਧ ਬੈਰਲ ਤੇਲ ਦੀ ਢੁਆਈ ਹੋਣ ਦੀ ਉਮੀਦ ਹੈ, ਜਿਸ ਨੂੰ ਟੈਂਕਰਾਂ ਰਾਹੀਂ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚਾਇਆ ਜਾਵੇਗਾ।
















