ਏਅਰ ਕੈਨੇਡਾ ਅਤੇ ਯੂਨੀਅਨ ਵਿਚਾਲੇ ਨਵੇਂ ਸਮਝੌਤੇ 'ਤੇ ਅਸਥਾਈ ਸਹਿਮਤੀ

ਏਅਰ ਕੈਨੇਡਾ ਅਤੇ ਯੂਨੀਅਨ ਵਿਚਾਲੇ ਨਵੇਂ ਸਮਝੌਤੇ 'ਤੇ ਅਸਥਾਈ ਸਹਿਮਤੀ

ਟੋਰਾਂਟੋ-ਕੈਨੇਡਾ ਦੀ ਪ੍ਰਮੁੱਖ ਹਵਾਈ ਕੰਪਨੀ Air Canada ਅਤੇ ਇਸ ਦੇ ਲਗਭਗ 11,000 ਯੂਨੀਅਨਬੱਧ ਕਰਮਚਾਰੀਆਂ ਵਿਚਾਲੇ ਨਵੇਂ ਸਮੂਹਿਕ ਸਮਝੌਤੇ (Collective Agreement) ਲਈ ਅਸਥਾਈ ਸਹਿਮਤੀ ਬਣ ਗਈ ਹੈ। ਏਅਰ ਕੈਨੇਡਾ ਨੇ ਕਿਹਾ ਕਿ ਇਹ ਨਵਾਂ ਸਮਝੌਤਾ ਜਹਾਜ਼ਾਂ ਦੀ ਦੇਖਭਾਲ, ਕੈਬਿਨ ਸੇਵਾਵਾਂ, ਹਵਾਈ ਅੱਡਾ ਸੰਚਾਲਨ, ਕਾਰਗੋ, ਵਿੱਤ ਅਤੇ ਦਫ਼ਤਰੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਦੇ ਯੋਗਦਾਨ ਅਤੇ ਹੁਨਰ ਨੂੰ ਮਾਨਤਾ ਦਿੰਦਾ ਹੈ।

ਦੂਜੇ ਪਾਸੇ, International Association of Machinists and Aerospace Workers (IAMAW) ਨੇ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਮੈਂਬਰਾਂ ਲਈ ਤਨਖ਼ਾਹਾਂ ਵਿੱਚ ਵੱਡੇ ਅਤੇ ਮਹੱਤਵਪੂਰਨ ਵਾਧੇ ਨੂੰ ਯਕੀਨੀ ਬਣਾਇਆ ਗਿਆ ਹੈ।ਹਾਲਾਂਕਿ, ਸਮਝੌਤੇ ਦੀਆਂ ਸ਼ਰਤਾਂ ਫਿਲਹਾਲ ਗੁਪਤ ਰੱਖੀਆਂ ਜਾਣਗੀਆਂ ਜਦੋਂ ਤੱਕ ਯੂਨੀਅਨ ਦੇ ਮੈਂਬਰ ਇਸ ਦੀ ਮਨਜ਼ੂਰੀ ਲਈ ਵੋਟ ਨਹੀਂ ਪਾ ਲੈਂਦੇ।

ਯੂਨੀਅਨ ਮੈਂਬਰਾਂ ਵੱਲੋਂ ਵੋਟਿੰਗ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਸਮਝੌਤੇ ਨੂੰ ਏਅਰ ਕੈਨੇਡਾ ਦੇ ਡਾਇਰੈਕਟਰ ਮੰਡਲ ਦੀ ਅੰਤਿਮ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।ਦੋਵਾਂ ਧਿਰਾਂ ਵਿਚਾਲੇ ਗੱਲਬਾਤ 3 ਫਰਵਰੀ 2026 ਨੂੰ ਸ਼ੁਰੂ ਹੋਈ ਸੀ। ਜਾਣਕਾਰੀ ਅਨੁਸਾਰ ਇਹ ਵਾਰਤਾਵਾਂ ਜ਼ਿਆਦਾਤਰ ਸਕਾਰਾਤਮਕ ਅਤੇ ਰਚਨਾਤਮਕ ਮਾਹੌਲ ਵਿੱਚ ਚੱਲੀਆਂ, ਜਿਸ ਦੇ ਨਤੀਜੇ ਵਜੋਂ ਹੁਣ ਇਹ ਅਸਥਾਈ ਸਮਝੌਤਾ ਸਾਹਮਣੇ ਆਇਆ ਹੈ।ਮਜ਼ਦੂਰ ਆਗੂਆਂ ਦਾ ਮੰਨਣਾ ਹੈ ਕਿ ਨਵਾਂ ਸਮਝੌਤਾ ਕਰਮਚਾਰੀਆਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਏਅਰ ਕੈਨੇਡਾ ਦੇ ਕਰਮਚਾਰੀਆਂ ਅਤੇ ਪ੍ਰਬੰਧਨ ਵਿਚਾਲੇ ਸਬੰਧਾਂ ਨੂੰ ਵੀ ਹੋਰ ਬਿਹਤਰ ਬਣਾਏਗਾ।