‘ਲੋਕ ਕੀ ਕਹਿਣਗੇ’ ਬੈਨਰ ਹੇਠ ‘ਨਸਲ-ਵਿਰੋਧੀ ਜਾਗਰੂਕਤਾ’ ਦਾ ਕਾਮਯਾਬ ਈਵੈਂਟ
Calgary Women Cultural Association held an anti-racism awareness event under the banner “Lok Ki Kehange” on October 25, 2026, with around 200 attendees. Speakers discussed racial discrimination and community awareness. Ten volunteers received certificates of appreciation, while Gurtej Kaur Sidhu and Iqbal Kaur Bhullar were honoured with Lifetime Achievement Awards.
ਕੈਲਗਰੀ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਵਲੋਂ ‘ਲੋਕ ਕੀ ਕਹਿਣਗੇ’ ਬੈਨਰ ਹੇਠ 25 ਅਕਤੂਬਰ 2026 ਨੂੰ ‘ਨਸਲਵਾਦ-ਵਿਰੋਧੀ ਜਾਗਰੂਕਤਾ’ ਵਿਸ਼ੇ ਤੇ ਟੈਂਪਲ ਕਮਿਊਨਿਟੀ ਹਾਲ ਵਿੱਚ ਲਗਪਗ ਦੋ ਸੌ ਸ੍ਰੋਤਿਆਂ ਦੀ ਹਾਜ਼ਰੀ ਵਿੱਚ 11:00-3:00 ਵਜੇ ਤੱਕ ਕਰਵਾਇਆ ਗਿਆ ਸਮਾਗਮ ਬਹੁਤ ਪ੍ਰਭਾਵਸ਼ਾਲੀ ਹੋ ਨਿਬੜਿਆ। ਸਮਾਗਮ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਬਰਾੜ ਦੇ ਸਭ ਹਾਜ਼ਰੀਨ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਕਨੇਡਾ ਦੇ ਰਾਸ਼ਟਰੀ ਗਾਇਨ ਅਤੇ ਲੈਂਡ ਐਕਨਾਲਜਮੈਂਟ ਬਾਦ ਗੁਰਚਰਨ ਥਿੰਦ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਅੱਜ ਦੇ ਭਖਵੇਂ ਵਿਸ਼ੇ ਤੇ ਗਲਬਾਤ ਕਰਨ ਲਈ ਮਾਹਿਰ ਬੁਲਾਰੇ ਲਲਿਤਾ ਸਿੰਘ, ਸ਼ਾਨ ਅਲੀਤੇ ਰਮਨ ਗਿੱਲ ਜੀ ਨੂੰ, ਪ੍ਰਧਾਨ ਜੀ ਨਾਲ ਪੈਨਲ ਵਿੱਚ ਸ਼ਾਮਲ ਕਰਵਾਇਆ, ਜਿਨ੍ਹਾਂ ਨੇ ਵਾਰੋ ਵਾਰੀ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਘੱਟ ਗਿਣਤੀਆਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਆ ਅਤੇ ਜਾਣਕਾਰੀ ਨਾ ਹੋਣ ਕਰਕੇ ਸਾਡੇ ਵਲੋਂ ਅਣਜਾਣੇ ਵਿੱਚ ਕੀਤੇ ਜਾਂਦੇ ਨਸਲੀ ਭੇਦ-ਭਾਵ ਬਾਰੇ ਜਾਣੂ ਕਰਵਾਇਆ। ਦਰਸ਼ਕਾਂ ਦੀ ਉਤਸੁਕਤਾ ਅਤੇ ਉਨ੍ਹਾਂ ਦੇ ਮਨ ਵਿੱਚ ਉੱਠਦੇ ਪ੍ਰਸ਼ਨਾਂ ਨੂੰ ਲਿਖਤੀ ਰੂਪ ਵਿੱਚ ਸਟੇਜ ਤੇ ਭੇਜਿਆ ਗਿਆ, ਜਿਨ੍ਹਾਂ ਦਾ ਮਾਹਿਰਾਂ ਵਲੋਂ ਸੰਤੁਸ਼ਟੀ ਜਨਕ ਉੱਤਰ ਦਿੱਤੇ ਗਏ। ਵਾਰਡ ਨੰਬਰ ਪੰਜ ਤੋਂ ਕਾਊਂਸਲਰ ਰਾਜ ਧਾਲੀਵਾਲ ਨੇ ਇਥੋਂ ਦੇ ਮੂਲ ਨਿਵਾਸਿਆਂ ਨਾਲ ਹੋਏ ਨਸਲੀ ਵਿਤਕਰੇ ਬਾਰੇ ਗੱਲ ਕੀਤੀ। ਐਮ.ਐਲ.ਏ. ਇਰਫਾਨ ਸਾਬਿਰ, ਗੁਰਿੰਦਰ ਬਰਾੜ ਅਤੇ ਚੈਸਟਰਮੀਅਰ ਤੋਂ ਕਾਊਂਸਲਰ ਕਿਰਨ ਰੰਧਾਵਾ ਜੀ ਦੀ ਹਾਜ਼ਰੀ ਨੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਇਰਫਾਨ ਸਾਬਿਰ ਜੀ ਵਲੋਂ, ਲੰਮੇ ਸਮੇਂ ਤੋਂ ਸਭਾ ਲਈ ਮਹੱਤਵ ਪੂਰਨ ਕਾਰਜ ਕਰ ਰਹੇ ਦੱਸ ਵਲੰਟੀਅਰਜ਼ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਤ ਕੀਤਾ ਗਿਆ।
ਸਭਾ ਵਲੋਂ ਗੁਰਤੇਜ ਕੌਰ ਸਿੱਧੂ ਅਤੇ ਇਕਬਾਲ ਕੌਰ ਭੁੱਲਰ ਜੀ ਨੂੰ ਉਨ੍ਹਾਂ ਦੀਆਂ ਪ੍ਰਵਾਰਿਕ ਤੇ ਕਮਿਊਨਿਟੀ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਲਈ ‘ਲਾਈਫ਼ ਟਾਈਮ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਆ ਗਿਆ। ਗੁਰਦੀਸ਼ ਗਰੇਵਾਲ, ਬਲਬੀਰ ਗਰੇਵਾਲ ਤੇ ਸੂਬੇਦਾਰ ਮਸਕੀਨ ਸਿੰਘ ਨੇ ਵੀ ਅੱਜ ਦੇ ਵਿਸ਼ੇ ਤੇ ਸਾਂਝ ਪਾਈ। ਨਸਲੀ ਭੇਦ-ਭਾਵ ਬਾਰੇ ਜਾਗਰੂਕ ਕਰਦਾ ਇੱਕ ਸਕਿੱਟ ਪੱੇਸ਼ ਕੀਤਾ ਗਿਆ, ਜਿਸ ਵਿੱਚ ਦਾਦੀ ਦੀਆਂ ਪੋਤਰੀਆਂ ਰਾਹੀਂ ਦਿੱਤੇ ਗਏ ਸੁਨੇਹਿਆਂ ਨੂੰ ਭਰਪੂਰ ਸਵੀਕਾਰਿਆ ਤੇ ਸਰਾਹਿਆ ਗਿਆ। ਅੰਤ ਵਿੱਚ ਸਭਾ ਦੇ ‘ਯੰਗ ਵੁਮੇਨ ਗਰੁੱਪ’ ਵਲੋਂ ਸ਼ਾਨਦਾਰ ਪੇਸ਼ਕਾਰੀ ਵੇਖ ਸਾਰਾ ਹਾਲ ਅੱਸ਼ ਅੱਸ਼ ਕਰ ਉੱਠਿਆ।ਬੀ.ਟੀ.ਵੀ., ਰੈੱਡ.ਐਫ.ਐਮ., ਪੰਜਾਬੀ ਅਖਬਾਰ, ਸ਼ਿਵਾਲਿਕ ਟੀ.ਵੀ. ਤੇ ਜੱਲੋਵਾਲੀਆ ਟਾਈਮਜ਼ ਦੇ ਨੁੰਮਾਇਦਿਆਂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ਼ ਕੀਤੀ। ਮਹਿਮਾਨਾਂ ਦੀ ਆਓ ਭਗਤ ਲਈ ਚਾਹ ਪਾਣੀ ਦਾ ਪ੍ਰਬੰਧ ਸ਼ੁਰੂ ਤੋਂ ਅੰਤ ਤੱਕ ਨਿਰੰਤਰ ਚਲਦਾ ਰਿਹਾ। ਅੰਤ ਵਿੱਚ ਗੁਰਚਰਨ ਥਿੰਦ ਦੇ ਧੰਨਵਾਦੀ ਸ਼ਬਦਾਂ ਨਾਲ ਸਮਾਗਮ ਦੀ ਸਮਾਪਤੀ ਹੋ ਗਈ।












