ਕੇਂਦਰ ਵੱਲੋਂ ਰਾਘਵ ਚੱਢਾ ਨੂੰ ‘ਜ਼ੈੱਡ’ ਸੁਰੱਖਿਆ, ਪੰਜਾਬ ਸਰਕਾਰ ਨੇ ਵਾਪਸ ਲਈ ‘ਜ਼ੈੱਡ-ਪਲੱਸ’ ਕਵਰ
ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ‘ਜ਼ੈੱਡ-ਪਲੱਸ’ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪਾਰਟੀ ਸਰੋਤਾਂ ਮੁਤਾਬਕ, ਰਾਘਵ ਚੱਢਾ ਦੀ ਸੁਰੱਖਿਆ ਉਸ ਸਮੇਂ ਘਟਾਈ ਗਈ ਜਦੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਮਿੱਤਲ ਨੂੰ ਨਿਯੁਕਤ ਕੀਤਾ ਗਿਆ।
ਜਾਣਕਾਰੀ ਅਨੁਸਾਰ, ਪਹਿਲਾਂ ਚੱਢਾ ਕੋਲ ‘ਜ਼ੈੱਡ-ਪਲੱਸ’ ਸੁਰੱਖਿਆ ਹੇਠ ਲਗਭਗ 41 ਸੁਰੱਖਿਆ ਕਰਮੀ ਸਨ। 2024 ਦੀ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨਾਲ ਉਨ੍ਹਾਂ ਦੇ ਮਤਭੇਦ ਸਾਹਮਣੇ ਆਏ ਸਨ, ਜੋ 2025 ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਚੋਣਾਂ ਦੌਰਾਨ ਹੋਰ ਵੱਧ ਗਏ।
ਸਰੋਤਾਂ ਅਨੁਸਾਰ, ਉਸ ਤੋਂ ਬਾਅਦ ਕਰੀਬ ਅੱਧੇ ਸੁਰੱਖਿਆ ਕਰਮਚਾਰੀ ਵਾਪਸ ਬੁਲਾ ਲਏ ਗਏ ਸਨ ਅਤੇ ਉਨ੍ਹਾਂ ਦੀ ਗਿਣਤੀ 21 ਰਹਿ ਗਈ ਸੀ। ਹਾਲ ਹੀ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੋਰ ਕਰਮਚਾਰੀ ਵੀ ਵਾਪਸ ਲੈ ਲਏ ਗਏ ਅਤੇ ਹੁਣ ਉਨ੍ਹਾਂ ਕੋਲ ਕੇਵਲ ਪੰਜ ਸੁਰੱਖਿਆ ਕਰਮੀ ਹੀ ਬਚੇ ਹਨ, ਜੋ ਕਿ ਇੱਕ ਸੰਸਦ ਮੈਂਬਰ ਲਈ ਲਾਜ਼ਮੀ ਘੱਟੋ-ਘੱਟ ਸੁਰੱਖਿਆ ਹੈ।
ਇਸ ਦਰਮਿਆਨ ਕੇਂਦਰ ਸਰਕਾਰ ਵੱਲੋਂ ਦਿੱਲੀ ਪੁਲਿਸ ਨੂੰ ਰਾਘਵ ਚੱਢਾ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤੀ ਗਈ ਇਹ ਸੁਰੱਖਿਆ ਕੋਈ ਸਧਾਰਣ ਗੱਲ ਨਹੀਂ, ਸਗੋਂ ਇੱਕ ਸੋਚਿਆ-ਸਮਝਿਆ ਕਦਮ ਹੈ।
















