ਅਧਿਕਾਰਕ ਦਰਜਾ ਗੁਆਉਣ ਦੇ ਬਾਵਜੂਦ ਐਨਡੀਪੀ ਨੂੰ 6.7 ਲੱਖ ਡਾਲਰ ਫੰਡਿੰਗ
ਓਟਾਵਾ-ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਨੂੰ ਅਧਿਕਾਰਕ ਪਾਰਟੀ ਦਰਜਾ ਗੁਆਉਣ ਦੇ ਬਾਵਜੂਦ ਲਗਭਗ 6.7 ਲੱਖ ਡਾਲਰ ਦੀ ਵਾਧੂ ਫੰਡਿੰਗ ਦਿੱਤੀ ਗਈ ਹੈ, ਜਿਸ ਨਾਲ ਆਰਥਿਕ ਦਬਾਅ ਹੇਠ ਆਈ ਪਾਰਟੀ ਨੂੰ ਰਾਹਤ ਮਿਲੀ ਹੈ।ਸਰਕਾਰੀ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਦੱਸਿਆ ਕਿ ਇਹ ਕੋਈ ਨਵਾਂ ਫੰਡ ਨਹੀਂ ਹੈ, ਸਗੋਂ ਹਾਊਸ ਆਫ ਕਾਮਨਜ਼ ਦੇ ਮੌਜੂਦਾ ਬਜਟ ਦੀ “ਮੁੜ ਵੰਡ” ਰਾਹੀਂ ਦਿੱਤਾ ਗਿਆ ਹੈ।ਸਰੋਤਾਂ ਮੁਤਾਬਕ, ਲਿਬਰਲ, ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਪਾਰਟੀਆਂ ਵਿੱਚ ਇਕ ਨਵਾਂ ਫਾਰਮੂਲਾ ਤੈਅ ਕੀਤਾ ਗਿਆ, ਜਿਸ ਨਾਲ ਛੋਟੀ ਪਾਰਟੀ ਹੋਣ ਦੇ ਬਾਵਜੂਦ ਐਨਡੀਪੀ ਨੂੰ ਵੱਡੀਆਂ ਪਾਰਟੀਆਂ ਵਾਲੇ ਕੁਝ ਸਰੋਤਾਂ ਤੱਕ ਪਹੁੰਚ ਮਿਲ ਸਕੇ।ਇਹ ਵੀ ਕਿਹਾ ਜਾ ਰਿਹਾ ਹੈ ਕਿ ਅਧਿਕਾਰਕ ਦਰਜੇ ਤੋਂ ਹੇਠਾਂ ਵਾਲੀ ਪਾਰਟੀ ਲਈ ਇਸ ਤਰ੍ਹਾਂ ਦਾ ਫੰਡਿੰਗ ਮਾਡਲ ਪਹਿਲਾਂ ਨਹੀਂ ਬਣਾਇਆ ਗਿਆ ਸੀ।ਐਨਡੀਪੀ ਦੇ ਸੰਸਦੀ ਆਗੂ ਡੌਨ ਡੇਵਿਸ ਨੇ ਕਿਹਾ ਕਿ ਇਹ ਰਕਮ ਪਾਰਟੀ ਦੇ ਸੰਸਦੀ ਕੰਮਕਾਜ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਵੇਗੀ, ਖ਼ਾਸ ਕਰਕੇ ਰਿਸਰਚ ਅਤੇ ਸਹਾਇਕ ਸਟਾਫ਼ ਭਰਤੀ ਲਈ।ਉਨ੍ਹਾਂ ਕਿਹਾ, “ਇਹ ਸਾਨੂੰ ਆਪਣੇ ਸੰਸਦੀ ਫਰਜ਼ ਹੋਰ ਚੰਗੇ ਢੰਗ ਨਾਲ ਨਿਭਾਉਣ ਵਿੱਚ ਮਦਦ ਕਰੇਗਾ ਅਤੇ ਉਹਨਾਂ 12 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਨ ਵਿੱਚ ਸਹਾਇਕ ਹੋਵੇਗਾ ਜਿਨ੍ਹਾਂ ਨੇ ਸਾਨੂੰ ਵੋਟ ਦਿੱਤੀ।”
ਪਿਛਲੀਆਂ ਫੈਡਰਲ ਚੋਣਾਂ ਵਿੱਚ ਕੇਵਲ ਸੱਤ ਸੀਟਾਂ ਜਿੱਤਣ ਕਾਰਨ ਐਨਡੀਪੀ ਨੇ ਅਧਿਕਾਰਕ ਪਾਰਟੀ ਦਰਜਾ ਗੁਆ ਦਿੱਤਾ ਸੀ, ਜਦਕਿ ਇਸ ਤੋਂ ਪਹਿਲਾਂ ਉਸ ਕੋਲ 24 ਸੀਟਾਂ ਸਨ।ਨਿਯਮਾਂ ਅਨੁਸਾਰ, ਕਿਸੇ ਪਾਰਟੀ ਨੂੰ ਅਧਿਕਾਰਕ ਦਰਜਾ ਹਾਸਲ ਕਰਨ ਲਈ ਘੱਟੋ-ਘੱਟ 12 ਮੈਂਬਰ ਲੋੜੀਂਦੇ ਹੁੰਦੇ ਹਨ, ਜਿਸ ਨਾਲ ਵਾਧੂ ਫੰਡਿੰਗ, ਕਮੇਟੀਆਂ ਵਿੱਚ ਹਿੱਸਾ ਅਤੇ ਪ੍ਰਸ਼ਨ ਕਾਲ ਲਈ ਸਮਾਂ ਮਿਲਦਾ ਹੈ।ਦਸਤਾਵੇਜ਼ਾਂ ਅਨੁਸਾਰ, ਇਸ ਨਵੇਂ ਫਾਰਮੂਲੇ ਤਹਿਤ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਨੂੰ ਲਗਭਗ 12.43 ਲੱਖ ਡਾਲਰ ਹਰ ਇੱਕ ਨੂੰ ਮਿਲੇ ਹਨ, ਜਦਕਿ ਬਲੌਕ ਕਿਊਬੈਕਵਾ ਨੂੰ 9.56 ਲੱਖ ਡਾਲਰ ਦਿੱਤੇ ਗਏ ਹਨ।ਇਹ ਫੈਸਲਾ ਹਾਊਸ ਆਫ ਕਾਮਨਜ਼ ਦੀ ਅੰਦਰੂਨੀ ਆਰਥਿਕ ਕਮੇਟੀ ਵੱਲੋਂ ਲਿਆ ਗਿਆ, ਜਿਸ ਵਿੱਚ ਸਪੀਕਰ ਫ੍ਰਾਂਸਿਸ ਸਕਾਰਪਲੇਜੀਆ ਦੀ ਅਗਵਾਈ ਹੇਠ ਪਾਰਟੀਆਂ ਵਿਚਕਾਰ ਸਹਿਮਤੀ ਬਣੀ।ਇਸ ਦਰਮਿਆਨ, ਐਨਡੀਪੀ ਦੇ ਨਵੇਂ ਆਗੂ ਐਵੀ ਲੂਇਸ ਕੋਲ ਹਾਲੇ ਸੰਸਦ ਵਿੱਚ ਸੀਟ ਨਹੀਂ ਹੈ ਅਤੇ ਡੌਨ ਡੇਵਿਸ ਹੀ ਪਾਰਟੀ ਦੀ ਅਗਵਾਈ ਸੰਸਦ ਵਿੱਚ ਕਰ ਰਹੇ ਹਨ।ਪਾਰਟੀ ਅਧਿਕਾਰੀਆਂ ਮੁਤਾਬਕ, ਐਨਡੀਪੀ ਇਸ ਸਮੇਂ ਕਰੀਬ 13 ਮਿਲੀਅਨ ਡਾਲਰ ਦੇ ਕਰਜ਼ੇ ਹੇਠ ਹੈ, ਜਿਸ ਕਾਰਨ ਇਹ ਨਵੀਂ ਫੰਡਿੰਗ ਪਾਰਟੀ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।
















