ਏਆਈ ਆਧਾਰਿਤ ਪਲੇਟਫਾਰਮ ਨਾਲ ਜੁੜਣਗੀਆਂ ਸੰਸਦ ਅਤੇ ਵਿਧਾਨ ਸਭਾਵਾਂ : ਹਰਵਿੰਦਰ ਕਲਿਆਣ

ਏਆਈ ਆਧਾਰਿਤ ਪਲੇਟਫਾਰਮ ਨਾਲ ਜੁੜਣਗੀਆਂ ਸੰਸਦ ਅਤੇ ਵਿਧਾਨ ਸਭਾਵਾਂ : ਹਰਵਿੰਦਰ ਕਲਿਆਣ

ਚੰਡੀਗੜ੍ਹ — ਹਰਿਆਣਾ ਪਹਿਲੀ ਵਾਰ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀਪੀਏ) ਦੀ ਨਾਰਥ ਜ਼ੋਨ ਕਾਨਫਰੰਸ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। 8 ਤੋਂ 10 ਜੂਨ ਤੱਕ ਚੰਡੀਗੜ੍ਹ ਵਿੱਚ ਹੋਣ ਵਾਲੀ ਇਸ ਕਾਨਫਰੰਸ ਵਿੱਚ ਪੰਜ ਉੱਤਰੀ ਸੂਬਿਆਂ ਦੇ ਵਿਧਾਇਕਾਂ ਅਤੇ ਸਦਨਾਂ ਦੇ ਪ੍ਰਧਾਨ ਅਧਿਕਾਰੀਆਂ ਦੀ ਸ਼ਮੂਲੀਅਤ ਹੋਵੇਗੀ। ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਕਾਨਫਰੰਸ ਦਾ ਉਦਘਾਟਨ ਕੀਤਾ ਜਾਵੇਗਾ। ਸਮਾਗਮ ਦਾ ਮੁੱਖ ਵਿਸ਼ਾ “ਵਿਕਸਿਤ ਭਾਰਤ-2047 ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਜਾਗਰੂਕ ਸਮਾਜ ਅਤੇ ਵਿਧਾਨ ਸਭਾਵਾਂ ਦੀ ਭੂਮਿਕਾ” ਰਹੇਗਾ।ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦਿੱਲੀ ਤੋਂ ਕਰੀਬ 90 ਨੁਮਾਇੰਦੇ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਅਜਿਹੇ ਸਮਾਗਮ ਵਿਧਾਇਕਾਂ ਲਈ ਵਿਚਾਰ ਸਾਂਝੇ ਕਰਨ, ਸਾਂਝੀਆਂ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਵਿਧਾਨਕ ਪ੍ਰਣਾਲੀਆਂ ਦੇ ਬਿਹਤਰ ਤਜਰਬੇ ਸਾਂਝੇ ਕਰਨ ਦਾ ਮਹੱਤਵਪੂਰਨ ਮੰਚ ਹੁੰਦੇ ਹਨ।

ਕਲਿਆਣ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਇੱਕ ਮਹੱਤਵਾਕਾਂਕਸ਼ੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ, ਜਿਸ ਤਹਿਤ ਸੰਸਦ ਅਤੇ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਨੂੰ ਏਆਈ ਆਧਾਰਿਤ ਸਾਂਝੇ ਡਿਜ਼ੀਟਲ ਪਲੇਟਫਾਰਮ ਨਾਲ ਜੋੜਿਆ ਜਾਵੇਗਾ।ਉਨ੍ਹਾਂ ਮੁਤਾਬਕ ਇਸ ਪਲੇਟਫਾਰਮ ’ਤੇ ਸੰਸਦੀ ਅਤੇ ਵਿਧਾਨਕ ਕਾਰਵਾਈ, ਚਰਚਾਵਾਂ ਅਤੇ ਭਾਸ਼ਣਾਂ ਦਾ ਡਿਜ਼ੀਟਲੀਕਰਨ ਕੀਤਾ ਜਾਵੇਗਾ, ਜਿਸ ਨਾਲ ਮੈਂਬਰ ਕਿਸੇ ਵੀ ਵਿਸ਼ੇ ਸਬੰਧੀ ਪੁਰਾਣੀਆਂ ਚਰਚਾਵਾਂ ਅਤੇ ਦਸਤਾਵੇਜ਼ ਆਸਾਨੀ ਨਾਲ ਖੋਜ ਸਕਣਗੇ।ਉਨ੍ਹਾਂ ਕਿਹਾ ਕਿ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (NEVA) ਪਹਿਲਾਂ ਹੀ ਵਿਧਾਨ ਸਭਾਵਾਂ ਨੂੰ ਪੇਪਰਲੈੱਸ ਬਣਾਉਣ ਵਿੱਚ ਮਦਦ ਕਰ ਰਹੀ ਹੈ, ਜਦਕਿ ਨਵਾਂ ਏਆਈ ਪਲੇਟਫਾਰਮ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਨੂੰ ਆਪਸੀ ਤੌਰ ’ਤੇ ਜੋੜੇਗਾ।

ਹਰਵਿੰਦਰ ਕਲਿਆਣ ਨੇ ਦੱਸਿਆ ਕਿ ਇਸ ਪਲੇਟਫਾਰਮ ਰਾਹੀਂ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਆਪਣੀਆਂ ਬਿਹਤਰੀਨ ਪ੍ਰਥਾਵਾਂ ਅਤੇ ਨਵੀਆਂ ਪਹਿਲਕਦਮੀਆਂ ਇੱਕ-ਦੂਜੇ ਨਾਲ ਸਾਂਝੀਆਂ ਕਰ ਸਕਣਗੀਆਂ।ਉਨ੍ਹਾਂ ਕਿਹਾ ਕਿ ਹਰਿਆਣਾ ਨੇ ਸਮਰੱਥਾ ਨਿਰਮਾਣ ਅਤੇ ਕਮੇਟੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਖਾਸ ਰਿਸਰਚ ਵਿੰਗ ਸਥਾਪਤ ਕੀਤਾ ਹੈ, ਜਿਸ ਤਰ੍ਹਾਂ ਹੋਰ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੀ ਇਕ-ਦੂਜੇ ਤੋਂ ਸਿੱਖ ਸਕਣਗੀਆਂ।ਕਲਿਆਣ ਨੇ ਕਿਹਾ ਕਿ ਉਹ ਖੁਦ ਸੰਸਦ ਤੋਂ ਇਲਾਵਾ 13 ਸੂਬਾਈ ਵਿਧਾਨ ਸਭਾਵਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਉੱਥੋਂ ਦੇ ਤਜਰਬਿਆਂ ਦੇ ਆਧਾਰ ’ਤੇ ਹਰਿਆਣਾ ਵਿੱਚ ਸਮਰੱਥਾ ਨਿਰਮਾਣ, ਰਿਸਰਚ ਸਹਾਇਤਾ, ਕਮੇਟੀ ਪ੍ਰਣਾਲੀ ਮਜ਼ਬੂਤ ਕਰਨ ਅਤੇ ਕਾਰਜਪਾਲਿਕਾ ਨਾਲ ਬਿਹਤਰ ਤਾਲਮੇਲ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵਿਧਾਇਕਾਂ ਨੂੰ ਲੋਕ ਮੁੱਦੇ ਉਠਾਉਣ ਲਈ ਵਧੇਰੇ ਮੌਕੇ ਦੇਣ ਵਾਸਤੇ ਜ਼ੀਰੋ ਆਵਰ ਦੀ ਪ੍ਰਕਿਰਿਆ ਨੂੰ ਹੋਰ ਸੁਚੱਜਾ ਬਣਾਇਆ ਗਿਆ ਹੈ ਅਤੇ ਵਿਧਾਨ ਸਭਾ ਦੀਆਂ ਬੈਠਕਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ।ਸਪੀਕਰ ਨੇ ਕਿਹਾ ਕਿ ਵਿਧਾਨ ਸਭਾ ਦੀ ਅਸਲ ਤਾਕਤ ਉਸਦੀ ਕਮੇਟੀ ਪ੍ਰਣਾਲੀ ਹੁੰਦੀ ਹੈ, ਜੋ ਸਰਕਾਰ ਦੇ ਕੰਮਕਾਜ, ਸੀਏਜੀ ਰਿਪੋਰਟਾਂ ਅਤੇ ਲੋਕ ਨੀਤੀਆਂ ਦੀ ਗਹਿਰਾਈ ਨਾਲ ਸਮੀਖਿਆ ਕਰਦੀ ਹੈ। ਇਸੇ ਮਕਸਦ ਨਾਲ ਹਰਿਆਣਾ ਵਿਧਾਨ ਸਭਾ ਵਿੱਚ ਖਾਸ ਰਿਸਰਚ ਵਿੰਗ ਬਣਾਇਆ ਗਿਆ ਹੈ, ਜੋ ਵਿਧਾਇਕਾਂ ਅਤੇ ਕਮੇਟੀਆਂ ਨੂੰ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਦਾ ਹੈ।