ਕੈਨੇਡਾ ਵਿੱਚ ਅਲਬਰਟਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਗਣਿਤ, ਪੜ੍ਹਾਈ ਅਤੇ ਵਿਗਿਆਨ ਵਿੱਚ ਰਹੇ ਮੋਹਰੀ

ਕੈਨੇਡਾ ਵਿੱਚ ਅਲਬਰਟਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਗਣਿਤ, ਪੜ੍ਹਾਈ ਅਤੇ ਵਿਗਿਆਨ ਵਿੱਚ ਰਹੇ ਮੋਹਰੀ

ਐਡਮੰਟਨ-ਪੈਨ-ਕੈਨੇਡੀਅਨ ਅਸੈਸਮੈਂਟ ਪ੍ਰੋਗਰਾਮ (ਪੀਸੀਏਪੀ) 2023 ਦੇ ਤਾਜ਼ਾ ਨਤੀਜਿਆਂ ਅਨੁਸਾਰ ਅਲਬਰਟਾ ਦੇ ਗ੍ਰੇਡ-8 ਦੇ ਵਿਦਿਆਰਥੀਆਂ ਨੇ ਗਣਿਤ, ਪੜ੍ਹਾਈ ਅਤੇ ਵਿਗਿਆਨ ਵਿੱਚ ਦੇਸ਼ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਈ ਹੈ।ਜਾਰੀ ਕੀਤੇ ਗਏ ਨਤੀਜਿਆਂ ਮੁਤਾਬਕ ਅਲਬਰਟਾ ਦੇ ਵਿਦਿਆਰਥੀਆਂ ਨੇ ਵਿਗਿਆਨ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ, ਪੜ੍ਹਾਈ ਵਿੱਚ ਦੂਜਾ ਸਥਾਨ ਅਤੇ ਗਣਿਤ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਹ ਨਤੀਜੇ ਸੂਬੇ ਦੀ ਮਜ਼ਬੂਤ ਅਤੇ ਨਿਰੰਤਰ ਗੁਣਵੱਤਾ ਵਾਲੀ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦੇ ਹਨ। ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਸਟਾਫ਼ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਨੂੰ ਜਾਂਦਾ ਹੈ।ਅਲਬਰਟਾ ਦੇ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡਿਮੈਟਰੀਓਸ ਨਿਕੋਲਾਇਡਿਸ ਨੇ ਕਿਹਾ ਕਿ ਇਹ ਪ੍ਰਾਪਤੀ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਫਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਸਕੂਲ ਸਟਾਫ਼ ਅਤੇ ਪਰਿਵਾਰਾਂ ਦੇ ਸਹਿਯੋਗ ਨਾਲ ਵਿਦਿਆਰਥੀ ਗਣਿਤ, ਪੜ੍ਹਾਈ ਅਤੇ ਵਿਗਿਆਨ ਵਿੱਚ ਲੋੜੀਂਦੇ ਹੁਨਰ ਹਾਸਲ ਕਰ ਰਹੇ ਹਨ। ਸਰਕਾਰ ਭਵਿੱਖ ਵਿੱਚ ਵੀ ਉੱਚ-ਗੁਣਵੱਤਾ ਵਾਲੀ ਸਿੱਖਿਆ ਵਿੱਚ ਨਿਵੇਸ਼ ਜਾਰੀ ਰੱਖੇਗੀ ਤਾਂ ਜੋ ਹਰ ਵਿਦਿਆਰਥੀ ਨੂੰ ਸਫਲਤਾ ਦੇ ਬਰਾਬਰ ਮੌਕੇ ਮਿਲ ਸਕਣ।

ਪੀਸੀਏਪੀ ਨਤੀਜਿਆਂ ਅਨੁਸਾਰ ਅਲਬਰਟਾ ਦੇ ਵਿਦਿਆਰਥੀਆਂ ਨੇ ਵਿਗਿਆਨ ਵਿੱਚ ਔਸਤ 513 ਅੰਕ ਹਾਸਲ ਕਰਕੇ ਦੇਸ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਖੇਤਰ ਵਿੱਚ ਓਨਟਾਰੀਓ 511 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ, ਜਦਕਿ ਰਾਸ਼ਟਰੀ ਔਸਤ 501 ਅੰਕ ਦਰਜ ਕੀਤੀ ਗਈ।ਪੜ੍ਹਾਈ (ਰੀਡਿੰਗ) ਵਿੱਚ ਅਲਬਰਟਾ ਨੇ 508 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜੋ ਕਿ 505 ਅੰਕਾਂ ਦੀ ਰਾਸ਼ਟਰੀ ਔਸਤ ਤੋਂ ਉੱਚਾ ਹੈ। ਇਸੇ ਤਰ੍ਹਾਂ ਗਣਿਤ ਵਿੱਚ ਅਲਬਰਟਾ ਦੇ ਵਿਦਿਆਰਥੀਆਂ ਨੇ 513 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਦੇਸ਼ ਦੀ ਔਸਤ 510 ਅੰਕ ਰਹੀ।

ਐਸਟੀਈਐਮ ਕਾਲੀਜੀਏਟ ਦੀ ਬੋਰਡ ਚੇਅਰ ਲਾਰਾ ਮੈਕਲੇਲੈਂਡ ਨੇ ਕਿਹਾ ਕਿ ਇਹ ਨਤੀਜੇ ਅਲਬਰਟਾ ਦੀ ਕਿੰਡਰਗਾਰਟਨ ਤੋਂ ਗ੍ਰੇਡ-12 ਤੱਕ ਦੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਭਾਸ਼ਾਈ ਯੋਗਤਾ, ਗਣਿਤੀ ਸਮਝ ਅਤੇ ਵਿਗਿਆਨਕ ਸੋਚ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਜਿਗਿਆਸਾ ਅਤੇ ਉੱਚ ਸਿੱਖਿਆ ਜਾਂ ਕਰੀਅਰ ਲਈ ਤਿਆਰੀ ਨੂੰ ਮਜ਼ਬੂਤ ਬਣਾਉਂਦੀ ਹੈ।ਅਲਬਰਟਾ ਸਰਕਾਰ ਨੇ ਕਿਹਾ ਹੈ ਕਿ ਉਹ ਸਕੂਲ ਬੋਰਡਾਂ ਅਤੇ ਅਧਿਆਪਕਾਂ ਨਾਲ ਮਿਲ ਕੇ ਸਿੱਖਣ ਦੇ ਨਤੀਜਿਆਂ ਵਿੱਚ ਮੌਜੂਦ ਅੰਤਰ ਨੂੰ ਹੋਰ ਘਟਾਉਣ ਲਈ ਕੰਮ ਕਰੇਗੀ ਤਾਂ ਜੋ ਸੂਬੇ ਦੀ ਸਿੱਖਿਆ ਪ੍ਰਣਾਲੀ ਵਿਸ਼ਵ ਪੱਧਰੀ ਮਿਆਰਾਂ 'ਤੇ ਖਰੀ ਉਤਰਦੀ ਰਹੇ।