ਪਰਿਵਾਰਕ ਹਿੰਸਾ ਦੀ ਰੋਕਥਾਮ ਲਈ ਅਲਬਰਟਾ ਸਰਕਾਰ ਵੱਲੋਂ 18.8 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼

Alberta’s government has marked November as Family Violence Prevention Month, highlighting its commitment to preventing abuse, supporting survivors and promoting safer communities.

ਪਰਿਵਾਰਕ ਹਿੰਸਾ ਦੀ ਰੋਕਥਾਮ ਲਈ ਅਲਬਰਟਾ ਸਰਕਾਰ ਵੱਲੋਂ 18.8 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼

ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਨਵੰਬਰ ਮਹੀਨੇ ਨੂੰ ਪਰਿਵਾਰਕ ਹਿੰਸਾ ਰੋਕਥਾਮ ਮਹੀਨੇ ਵਜੋਂ ਮਨਾਉਂਦਿਆਂ ਲੋਕਾਂ ਨੂੰ ਘਰੇਲੂ ਹਿੰਸਾ ਪ੍ਰਤੀ ਜਾਗਰੂਕ ਕਰਨ, ਪੀੜਤਾਂ ਦੀ ਸਹਾਇਤਾ ਕਰਨ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਸਰਕਾਰ ਨੇ ਪਰਿਵਾਰਕ ਅਤੇ ਲਿੰਗ-ਆਧਾਰਿਤ ਹਿੰਸਾ ਦੀ ਰੋਕਥਾਮ ਲਈ ਆਪਣੇ ਉਪਰਾਲਿਆਂ ਅਤੇ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸੀਅਰਲ ਟਰਟਨ ਨੇ ਕਿਹਾ ਕਿ ਪਰਿਵਾਰਕ ਹਿੰਸਾ ਨੂੰ ਰੋਕਣ ਲਈ ਸਮਾਜ ਦੇ ਹਰੇਕ ਵਿਅਕਤੀ ਦੀ ਭੂਮਿਕਾ ਅਹਿਮ ਹੈ। ਸਰਕਾਰ ਇਸ ਸਾਲ ਅਲਬਰਟਾ ਭਰ ਵਿੱਚ ਲਿੰਗ-ਆਧਾਰਿਤ ਹਿੰਸਾ ਦੀ ਰੋਕਥਾਮ ਲਈ 18.8 ਕਰੋੜ ਡਾਲਰ ਤੋਂ ਵੱਧ ਖਰਚ ਕਰ ਰਹੀ ਹੈ, ਜਿਸ ਵਿੱਚੋਂ 9.3 ਕਰੋੜ ਡਾਲਰ ਤੋਂ ਵੱਧ ਰਕਮ ਪਰਿਵਾਰਕ ਅਤੇ ਜਿਨਸੀ ਹਿੰਸਾ ਦੀ ਰੋਕਥਾਮ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਰੱਖੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਦਸ ਸਾਲਾ ਰਣਨੀਤੀ 'ਬਿਲਡਿੰਗ ਆਨ ਅਵਰ ਸਟਰੈਂਥਸ' ਤਹਿਤ ਸਿਹਤਮੰਦ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ, ਭਾਈਚਾਰਿਆਂ ਨੂੰ ਜਾਗਰੂਕ ਕਰਨ ਅਤੇ ਹਿੰਸਾ ਦੇ ਕਾਰਨਾਂ ਨੂੰ ਦੂਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਥਿਤੀ ਬਾਰੇ ਜਾਣਕਾਰੀ ਲੈਣ, ਬਿਨਾਂ ਕਿਸੇ ਪੱਖਪਾਤ ਦੇ ਉਨ੍ਹਾਂ ਦੀ ਗੱਲ ਸੁਣਨ ਅਤੇ ਲੋੜ ਪੈਣ 'ਤੇ ਸਹਾਇਤਾ ਸੇਵਾਵਾਂ ਨਾਲ ਜੋੜਨ।

ਇਸੇ ਦੌਰਾਨ ਕਲਾ, ਸੱਭਿਆਚਾਰ ਅਤੇ ਮਹਿਲਾ ਮਾਮਲਿਆਂ ਬਾਰੇ ਮੰਤਰੀ ਤਾਨਿਆ ਫਿਰ ਨੇ ਕਿਹਾ ਕਿ ਹਿੰਸਾ ਤੋਂ ਪੀੜਤ ਲੋਕਾਂ ਦੀ ਸਹਾਇਤਾ, ਦੁਰਵਿਵਹਾਰ ਦੇ ਸੰਕੇਤਾਂ ਬਾਰੇ ਜਾਗਰੂਕਤਾ ਅਤੇ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਲਈ ਸਰਕਾਰ ਵਚਨਬੱਧ ਹੈ। ਇਸ ਮਕਸਦ ਲਈ ਸਰਕਾਰ ਵੱਖ-ਵੱਖ ਵਿਭਾਗਾਂ ਅਤੇ ਭਾਈਚਾਰਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਸਰਕਾਰ ਨੇ ਦੱਸਿਆ ਕਿ ਪਰਿਵਾਰਕ ਹਿੰਸਾ ਸਬੰਧੀ ਸਹਾਇਤਾ ਲਈ ਪਹਿਲਾਂ ਚੱਲ ਰਹੀ ਫੈਮਿਲੀ ਵਾਇਲੈਂਸ ਇਨਫਰਮੇਸ਼ਨ ਲਾਈਨ ਹੁਣ 211 ਅਲਬਰਟਾ ਨੈੱਟਵਰਕ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ। ਪੀੜਤ ਵਿਅਕਤੀ 211 'ਤੇ ਫੋਨ ਜਾਂ ਟੈਕਸਟ ਰਾਹੀਂ 24 ਘੰਟੇ ਮੁਫ਼ਤ ਅਤੇ ਗੁਪਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ab.211.ca 'ਤੇ ਆਨਲਾਈਨ ਚੈਟ ਦੀ ਸਹੂਲਤ ਵੀ ਉਪਲਬਧ ਹੈ। ਪੁਰਾਣੇ ਨੰਬਰ 310-1818 'ਤੇ ਸੰਪਰਕ ਕਰਨ ਵਾਲਿਆਂ ਨੂੰ ਵੀ ਤਬਦੀਲੀ ਦੇ ਸਮੇਂ ਦੌਰਾਨ ਸਹਾਇਤਾ ਮਿਲਦੀ ਰਹੇਗੀ।

ਇਸ ਤੋਂ ਇਲਾਵਾ, ਹਿੰਸਾ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਮਰਦਾਂ ਅਤੇ ਲੜਕਿਆਂ ਲਈ 1-833-327-MENS (6367) 'ਤੇ ਸਹਾਇਤਾ ਉਪਲਬਧ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਮਹਿਲਾ ਸ਼ੈਲਟਰਾਂ ਵਿੱਚ ਸਹਾਇਤਾ ਲੈਣ ਵਾਲੀਆਂ ਸਾਰੀਆਂ ਔਰਤਾਂ ਨੂੰ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਕਿਸੇ ਵਿਅਕਤੀ ਦੀ ਜਾਨ ਨੂੰ ਤੁਰੰਤ ਖ਼ਤਰਾ ਹੋਣ ਦੀ ਸਥਿਤੀ ਵਿੱਚ 911 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।