ਅਗਲੀਆਂ ਫੈਡਰਲ ਚੋਣਾਂ ਵਿੱਚ ਵੱਖਰੀ ਸੀਟ ਤੋਂ ਚੋਣ ਲੜਨਗੇ ਪਿਏਰ ਪੌਲੀਏਵ
ਓਟਵਾ-ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਪਾਰਟੀ ਆਗੂ ਪਿਏਰ ਪੌਲੀਏਵ ਅਗਲੀਆਂ ਫੈਡਰਲ ਚੋਣਾਂ ਵਿੱਚ ਰਿਵਰ–ਕ੍ਰਾਅਫੁੱਟ ਹਲਕੇ ਤੋਂ ਚੋਣ ਨਹੀਂ ਲੜਨਗੇ। ਪਾਰਟੀ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਸੀਟ ਤੋਂ ਹੁਣ ਡੈਮੀਅਨ ਕੁਰੇਕ ਉਮੀਦਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਅਪਰੈਲ ਵਿੱਚ ਹੋਈਆਂ ਫੈਡਰਲ ਚੋਣਾਂ ਦੌਰਾਨ ਪੌਲੀਏਵ ਓਨਟਾਰੀਓ ਦੀ ਕਾਰਲਟਨ ਸੀਟ ਤੋਂ ਚੋਣ ਹਾਰ ਗਏ ਸਨ। ਲੰਮੇ ਸਮੇਂ ਤੋਂ ਕੰਜ਼ਰਵੇਟਿਵਾਂ ਦੇ ਕਬਜ਼ੇ ਹੇਠ ਰਹੀ ਇਸ ਸੀਟ ’ਤੇ ਲਿਬਰਲ ਉਮੀਦਵਾਰ ਬਰੂਸ ਫੈਨਜੌਏ ਨੇ ਜਿੱਤ ਹਾਸਲ ਕੀਤੀ ਸੀ।
ਇਸ ਤੋਂ ਬਾਅਦ ਪੌਲੀਏਵ ਨੂੰ ਸੰਸਦ ਵਿੱਚ ਵਾਪਸੀ ਦਾ ਮੌਕਾ ਦੇਣ ਲਈ ਡੈਮੀਅਨ ਕੁਰੇਕ ਨੇ ਪਿਛਲੇ ਸਾਲ ਬੈਟਲ ਰਿਵਰ–ਕ੍ਰਾਅਫੁੱਟ ਸੀਟ ਛੱਡ ਦਿੱਤੀ ਸੀ, ਤਾਂ ਜੋ ਪੌਲੀਏਵ ਇੱਥੋਂ ਜ਼ਿਮਨੀ ਚੋਣ ਲੜ ਸਕਣ। ਹਾਲਾਂਕਿ ਹੁਣ ਕੰਜ਼ਰਵੇਟਿਵ ਪਾਰਟੀ ਨੇ ਐਲਾਨ ਕੀਤਾ ਹੈ ਕਿ ਅਗਲੀਆਂ ਆਮ ਚੋਣਾਂ ਵਿੱਚ ਕੁਰੇਕ ਹੀ ਇਸ ਹਲਕੇ ਤੋਂ ਚੋਣ ਲੜਨਗੇ।
ਮੀਡੀਆ ਵੱਲੋਂ ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਪਿਏਰ ਪੌਲੀਏਵ ਅਗਲੀਆਂ ਫੈਡਰਲ ਚੋਣਾਂ ਵਿੱਚ ਕਿਹੜੀ ਸੀਟ ਤੋਂ ਚੋਣ ਲੜਨਗੇ।
















