ਅਲਬਰਟਾ ਵਿੱਚ ਨਵੰਬਰ ਮਹੀਨਾ ‘ਗੋਦ ਲੈਣ ਪ੍ਰਤੀ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾ ਰਿਹਾ

Alberta is observing National Adoption Awareness Month in November, recognizing families formed through adoption and private guardianship. Children and Family Services Minister Searle Turton highlighted the importance of providing children with love, stability and a sense of belonging.

ਅਲਬਰਟਾ ਵਿੱਚ ਨਵੰਬਰ ਮਹੀਨਾ ‘ਗੋਦ ਲੈਣ ਪ੍ਰਤੀ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾ ਰਿਹਾ

ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਨਵੰਬਰ ਮਹੀਨੇ ਨੂੰ ਕੌਮੀ ਗੋਦ ਲੈਣ ਪ੍ਰਤੀ ਜਾਗਰੂਕਤਾ ਮਹੀਨੇ ਵਜੋਂ ਮਨਾਉਂਦਿਆਂ ਪਰਿਵਾਰਾਂ ਨੂੰ ਬੱਚਿਆਂ ਨੂੰ ਗੋਦ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸੀਅਰਲ ਟਰਟਨ ਨੇ ਕਿਹਾ ਕਿ ਕਿਸੇ ਬੱਚੇ ਨੂੰ ਪਰਿਵਾਰ, ਪਿਆਰ, ਸੁਰੱਖਿਆ ਅਤੇ ਆਪਣਾਪਣ ਦੇਣਾ ਜ਼ਿੰਦਗੀ ਭਰ ਦੀ ਜ਼ਿੰਮੇਵਾਰੀ ਹੈ। ਗੋਦ ਲੈਣ ਨਾਲ ਨਾ ਸਿਰਫ਼ ਬੱਚੇ ਦੀ ਜ਼ਿੰਦਗੀ ਬਦਲਦੀ ਹੈ, ਸਗੋਂ ਪਰਿਵਾਰਾਂ ਦੇ ਜੀਵਨ ਵਿੱਚ ਵੀ ਖੁਸ਼ੀਆਂ ਅਤੇ ਨਵੇਂ ਰਿਸ਼ਤਿਆਂ ਦਾ ਆਗਮਨ ਹੁੰਦਾ ਹੈ।

ਮੰਤਰੀ ਨੇ ਕਿਹਾ ਕਿ ਸਰਕਾਰ ਗੋਦ ਲੈਣ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਅਤੇ ਕਿਫਾਇਤੀ ਬਣਾਉਣ ਲਈ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਰਹੀ ਹੈ। ਇਸ ਤਹਿਤ ਗੋਦ ਲੈਣ ਵਾਲੇ ਪਰਿਵਾਰਾਂ ਲਈ ਟੈਕਸ ਕ੍ਰੈਡਿਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਲਾਇਸੈਂਸਸ਼ੁਦਾ ਏਜੰਸੀ ਰਾਹੀਂ ਬੱਚਾ ਗੋਦ ਲੈਣ ਦੇ ਖਰਚੇ ਘਟਾਉਣ ਲਈ 6,000 ਡਾਲਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਹਾਇਤਾ ਨਾਲ ਗੋਦ ਲੈਣ ਦੇ ਖਰਚੇ ਵਿੱਚ 50 ਫ਼ੀਸਦੀ ਤੱਕ ਕਮੀ ਆ ਸਕਦੀ ਹੈ।

ਇਸ ਤੋਂ ਇਲਾਵਾ, ਬੱਚਿਆਂ ਦੀ ਨਿੱਜੀ ਸਰਪ੍ਰਸਤੀ ਲੈਣ ਵਾਲੇ ਪਰਿਵਾਰਾਂ ਅਤੇ ਦੇਖਭਾਲ ਅਧੀਨ ਰਹੇ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਣ ਵਾਲਿਆਂ ਲਈ 'ਸਪੋਰਟਸ ਫਾਰ ਪਰਮਾਨੈਂਸੀ' ਪ੍ਰੋਗਰਾਮ ਤਹਿਤ ਵਿੱਤੀ ਲਾਭ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਮੰਤਰੀ ਸੀਅਰਲ ਟਰਟਨ ਨੇ ਆਪਣੇ ਨਿੱਜੀ ਤਜਰਬੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਖੁਦ ਵੀ ਇੱਕ ਗੋਦ ਲੈਣ ਵਾਲੇ ਮਾਪੇ ਹਨ ਅਤੇ ਕਿਸੇ ਬੱਚੇ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਣਾ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਤਜਰਬਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਗੋਦ ਲੈਣ ਲਈ ਸੰਪੂਰਨ ਹੋਣਾ ਜ਼ਰੂਰੀ ਨਹੀਂ, ਸਗੋਂ ਪਿਆਰ, ਧੀਰਜ ਅਤੇ ਹਰ ਹਾਲਤ ਵਿੱਚ ਉਸ ਦਾ ਸਾਥ ਦੇਣ ਦੀ ਭਾਵਨਾ ਹੋਣੀ ਚਾਹੀਦੀ ਹੈ।

ਸਰਕਾਰ ਵੱਲੋਂ ਗੋਦ ਲੈਣ ਦੇ ਚਾਹਵਾਨ ਪਰਿਵਾਰਾਂ ਨੂੰ ਆਨਲਾਈਨ ਅਤੇ ਵਿਅਕਤੀਗਤ ਜਾਣਕਾਰੀ ਸੈਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਦੀ ਵੈੱਬਸਾਈਟ 'ਤੇ ਉਨ੍ਹਾਂ ਬੱਚਿਆਂ ਦੀ ਜਾਣਕਾਰੀ ਅਤੇ ਪ੍ਰੋਫਾਈਲ ਵੀ ਉਪਲਬਧ ਹਨ, ਜੋ ਸਥਾਈ ਪਰਿਵਾਰਾਂ ਦੀ ਉਡੀਕ ਕਰ ਰਹੇ ਹਨ।