ਚੰਡੀਗੜ੍ਹ ਵਿੱਚ ਸੁਖਨਾ ਚੋਅ ’ਤੇ 12.25 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਉੱਚਾ ਪੁਲ
Chandigarh UT Administrator Gulab Chand Kataria laid the foundation stone of a ₹12.25-crore high-level bridge over Sukhna Choe at Bapu Dham.
ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ਬਾਪੂ ਧਾਮ ਵਿਖੇ ਸੁਖਨਾ ਚੋਅ ’ਤੇ ਬਣਨ ਵਾਲੇ ਉੱਚੇ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ’ਤੇ 12.25 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦਾ ਉਦੇਸ਼ ਮਨੀਮਾਜਰਾ ਅਤੇ ਸੈਕਟਰ 26 ਵਿਚਕਾਰ ਸੜਕੀ ਸੰਪਰਕ ਨੂੰ ਬਿਹਤਰ ਬਣਾਉਣਾ ਹੈ। ਇਸ ਮੌਕੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਵੀ ਮੌਜੂਦ ਸਨ।
ਪੁਲ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਤੋਂ 12 ਮਹੀਨਿਆਂ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਬਣਨ ਨਾਲ ਲੋਕਾਂ ਨੂੰ ਸਾਲ ਭਰ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ।
ਮੌਜੂਦਾ ਪੁਲੀ ਕਾਫ਼ੀ ਤੰਗ ਹੈ ਅਤੇ ਇਸ ਦੀ ਆਵਾਜਾਈ ਸਮਰੱਥਾ ਸੀਮਤ ਹੈ, ਜਿਸ ਕਾਰਨ ਖ਼ਾਸ ਕਰਕੇ ਭੀੜ ਵਾਲੇ ਸਮੇਂ ਦੌਰਾਨ ਜਾਮ ਲੱਗਦਾ ਹੈ। ਮਾਨਸੂਨ ਦੌਰਾਨ ਸੁਖਨਾ ਝੀਲ ਦਾ ਪਾਣੀ ਵਧਣ ਅਤੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਇਹ ਪੁਲੀ ਪਾਣੀ ਵਿੱਚ ਡੁੱਬ ਜਾਂਦੀ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਬੰਦ ਕਰਨੀ ਪੈਂਦੀ ਹੈ।
ਨਵਾਂ ਪੁਲ ਬਣਨ ਨਾਲ ਮਨੀਮਾਜਰਾ, ਆਈਟੀ ਪਾਰਕ, ਮਾਨਸਾ ਦੇਵੀ ਕੰਪਲੈਕਸ, ਪੰਚਕੂਲਾ ਅਤੇ ਸੈਕਟਰ 26 ਵਿਚਕਾਰ ਆਵਾਜਾਈ ਮਾਨਸੂਨ ਦੌਰਾਨ ਵੀ ਨਿਰਵਿਘਨ ਜਾਰੀ ਰਹੇਗੀ।
ਇਸ ਪ੍ਰਾਜੈਕਟ ਤਹਿਤ ਕੁੱਲ 450 ਮੀਟਰ ਲੰਬਾ ਸੜਕੀ ਹਿੱਸਾ ਬਣਾਇਆ ਜਾਵੇਗਾ, ਜਿਸ ਵਿੱਚ 57 ਮੀਟਰ ਲੰਮਾ ਪੁਲ ਅਤੇ ਦੋਵੇਂ ਪਾਸੇ ਪਹੁੰਚ ਮਾਰਗ ਸ਼ਾਮਲ ਹੋਣਗੇ। ਪੁਲ ’ਤੇ ਦੋ ਸੜਕੀ ਮਾਰਗ ਹੋਣਗੇ, ਜਿਨ੍ਹਾਂ ਵਿੱਚੋਂ ਹਰੇਕ ਦੀ ਚੌੜਾਈ 9.50 ਮੀਟਰ ਹੋਵੇਗੀ। ਇਸ ਤੋਂ ਇਲਾਵਾ ਦੋਵੇਂ ਪਾਸੇ 2.50 ਮੀਟਰ ਚੌੜੇ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਲਈ ਵੱਖਰੇ ਰਸਤੇ ਬਣਾਏ ਜਾਣਗੇ। ਸੁਰੱਖਿਆ ਲਈ ਰੇਲਿੰਗ ਅਤੇ ਕਰੈਸ਼ ਬੈਰੀਅਰ ਵੀ ਲਗਾਏ ਜਾਣਗੇ। ਇਹ ਪੁਲ ਮੌਜੂਦਾ ਚਾਰ-ਮਾਰਗੀ ਪਹੁੰਚ ਸੜਕਾਂ ਨਾਲ ਜੁੜੇਗਾ।














