ਐਡਮੰਟਨ ਵਿੱਚ ਤਿੰਨ ਸਾਲਾਂ ਦੌਰਾਨ 882 ਸਸਤੇ ਰਿਹਾਇਸ਼ੀ ਘਰਾਂ ਦੀ ਮੁਰੰਮਤ, 2.3 ਕਰੋੜ ਡਾਲਰ ਤੋਂ ਵੱਧ ਦੀ ਲਾਗਤ

ਐਡਮੰਟਨ ਵਿੱਚ ਤਿੰਨ ਸਾਲਾਂ ਦੌਰਾਨ 882 ਸਸਤੇ ਰਿਹਾਇਸ਼ੀ ਘਰਾਂ ਦੀ ਮੁਰੰਮਤ, 2.3 ਕਰੋੜ ਡਾਲਰ ਤੋਂ ਵੱਧ ਦੀ ਲਾਗਤ

ਐਡਮੰਟਨ-ਐਡਮੰਟਨ ਸ਼ਹਿਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ 882 ਸਸਤੇ ਰਿਹਾਇਸ਼ੀ ਟਾਊਨਹੋਮ ਅਤੇ ਅਪਾਰਟਮੈਂਟਾਂ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਹੈ। ਇਹ ਘਰ ਸਿਵਿਡਾ (Civida) ਵੱਲੋਂ ਚਲਾਏ ਜਾਂਦੇ ਸਬਸਿਡੀ ਵਾਲੇ ਹਾਊਸਿੰਗ ਪ੍ਰੋਗਰਾਮ ਦਾ ਹਿੱਸਾ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ 1960 ਅਤੇ 1970 ਦੇ ਦਹਾਕੇ ਵਿੱਚ ਬਣਾਏ ਗਏ ਸਨ।

ਮੁਰੰਮਤ ਦੌਰਾਨ ਇਮਾਰਤਾਂ ਦੀ ਢਾਂਚਾਗਤ ਮਜ਼ਬੂਤੀ, ਬਿਜਲੀ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਅਪਾਹਜ ਅਤੇ ਬਜ਼ੁਰਗ ਲੋਕਾਂ ਦੀ ਸੁਵਿਧਾ ਲਈ ਪਹੁੰਚਯੋਗਤਾ (Accessibility) ਵਿੱਚ ਵੀ ਸੁਧਾਰ ਕੀਤਾ ਗਿਆ ਹੈ।ਐਡਮੰਟਨ ਦੇ ਮੇਅਰ ਐਂਡਰਿਊ ਨੈਕ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਪਰਿਵਾਰਾਂ, ਦਿਵਿਆਂਗ ਵਿਅਕਤੀਆਂ, ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਪਰਿਵਾਰਾਂ ਨੂੰ ਵਧੇਰੇ ਸੁਰੱਖਿਅਤ ਅਤੇ ਬਿਹਤਰ ਰਿਹਾਇਸ਼ ਮਿਲੇਗੀ।

ਇਸ ਪ੍ਰੋਜੈਕਟ 'ਤੇ ਕੁੱਲ 2 ਕਰੋੜ 33 ਲੱਖ ਡਾਲਰ ਤੋਂ ਵੱਧ ਦੀ ਲਾਗਤ ਆਈ, ਜਿਸ ਵਿੱਚ ਐਡਮੰਟਨ ਸ਼ਹਿਰ ਨੇ 1 ਕਰੋੜ 5 ਲੱਖ ਡਾਲਰ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੇ 1 ਕਰੋੜ 28 ਲੱਖ ਡਾਲਰ ਦਾ ਯੋਗਦਾਨ ਦਿੱਤਾ।ਫੈਡਰਲ ਮੰਤਰੀ ਐਲੀਨੋਰ ਓਲਸ਼ੇਵਸਕੀ ਨੇ ਕਿਹਾ ਕਿ ਮੌਜੂਦਾ ਸਸਤੇ ਘਰਾਂ ਵਿੱਚ ਨਿਵੇਸ਼ ਕਰਕੇ ਨਾ ਸਿਰਫ਼ ਉਨ੍ਹਾਂ ਦੀ ਉਮਰ ਵਧਾਈ ਜਾ ਰਹੀ ਹੈ, ਸਗੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਇਹ ਘਰ ਆਉਣ ਵਾਲੇ ਸਾਲਾਂ ਤੱਕ ਉਪਲਬਧ ਰਹਿਣ।

ਸਿਵਿਡਾ ਐਡਮੰਟਨ ਵਿੱਚ ਸਸਤੀ ਰਿਹਾਇਸ਼ ਮੁਹੱਈਆ ਕਰਵਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ, ਜਿੱਥੇ ਕਿਰਾਏਦਾਰ ਆਪਣੀ ਆਮਦਨ ਦਾ ਵੱਧ ਤੋਂ ਵੱਧ 30 ਫ਼ੀਸਦੀ ਹੀ ਕਿਰਾਏ ਵਜੋਂ ਅਦਾ ਕਰਦੇ ਹਨ।ਸਿਵਿਡਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਬ੍ਰੀ ਕਲੌਡ ਨੇ ਕਿਹਾ ਕਿ ਸਸਤੀ ਰਿਹਾਇਸ਼ ਮਜ਼ਬੂਤ ਭਾਈਚਾਰਿਆਂ ਦੀ ਨੀਂਹ ਹੈ ਅਤੇ ਸਰਕਾਰਾਂ ਵਿਚਾਲੇ ਇਸ ਤਰ੍ਹਾਂ ਦੀ ਸਾਂਝ ਮੌਜੂਦਾ ਘਰਾਂ ਨੂੰ ਸੁਰੱਖਿਅਤ, ਪਹੁੰਚਯੋਗ ਅਤੇ ਲੰਬੇ ਸਮੇਂ ਤੱਕ ਵਰਤੋਂਯੋਗ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਇਸ ਦੇ ਨਾਲ ਹੀ ਸ਼ਹਿਰ ਨੇ ਇਹ ਵੀ ਦੱਸਿਆ ਕਿ ਉਸ ਦੀ ਗੈਰ-ਮੁਨਾਫ਼ਾ ਰਿਹਾਇਸ਼ੀ ਸੰਸਥਾ ਹੋਮਐਡ (HomeEd) ਦੇ ਮਾਲਕੀ ਹੱਕ ਵਾਲੇ 1,076 ਮਿਕਸਡ-ਇਨਕਮ ਟਾਊਨਹੋਮ ਅਤੇ ਅਪਾਰਟਮੈਂਟਾਂ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਇਸ ਕੰਮ ਲਈ ਫੈਡਰਲ ਸਰਕਾਰ ਨੇ 68 ਲੱਖ ਡਾਲਰ ਅਤੇ ਐਡਮੰਟਨ ਸ਼ਹਿਰ ਨੇ 35 ਲੱਖ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ। ਇਨ੍ਹਾਂ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ, ਪਹੁੰਚਯੋਗਤਾ ਅਤੇ ਵਾਤਾਵਰਨ ਪੱਖੋਂ ਟਿਕਾਊ ਸੁਧਾਰ ਕੀਤੇ ਗਏ ਹਨ।