ਕੈਲਗਰੀ ਲੇਖਕ ਸਭਾ ਵਲੋਂ ਕਨੇਡਾ ਦੇ ਬਹੁ-ਸਭਿਆਚਾਰ ਦੇ ਜਸ਼ਨ ਮਨਾਏ ਗਏ

ਕੈਲਗਰੀ ਲੇਖਕ ਸਭਾ ਵਲੋਂ ਕਨੇਡਾ ਦੇ ਬਹੁ-ਸਭਿਆਚਾਰ ਦੇ ਜਸ਼ਨ ਮਨਾਏ ਗਏ

ਕੈਲਗਰੀ (ਗੁਰਚਰਨ ਥਿੰਦ): ਕੈਲਗਰੀ ਲੇਖਕ ਸਭਾ ਕਲਚਰਲ ਐਸੋਸੀਏਸ਼ਨ ਨਾਂ ਹੇਠ ਜੂਨ 2023 ਵਿੱਚ ਰਜਿਸਟਰ ਹੋਈ ‘ਰਾਈਟਰਜ਼ ਫੋਰਮ’ ਸਾਹਿਤਕ ਸੰਸਥਾ ਦਾ ਪਹਿਲਾ ਸਲਾਨਾ ਸਮਾਗਮ ਜੂਨ 14, 2026 ਦਿਨ ਐਤਵਾਰ ਨੂੰ ਟੈਂਪਲ ਕਮਿਊਨਿਟੀ ਹਾਲ ਵਿੱਚ ‘ਕਨੇਡਾ ਦੇ ਬਹੁ-ਸਭਿਆਚਾਰ’ ਦੇ ਜਸ਼ਨ ਦੇ ਰੂਪ ਵਿੱਚ ਲਗਪਗ 200 ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿੱਚ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ‘ਲੈਂਡ ਐਕਨਾਲਜਮੈਂਟ’ ਕਰਨ ਉਪਰੰਤ ਕਨੇਡਾ ਅਤੇ ਭਾਰਤ ਦੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਹਾਲ ਵਿੱਚ ਹਾਜ਼ਰ ਸਭ ਨੂੰ ਜੀਆਇਆਂ ਆਖਦਿਆਂ ਕਨੇਡਾ ਦੇ ਮਲਟੀਕਲਚਰਿਜ਼ਮ ਨੂੰ ਸਮਾਜ ਦੀਆਂ ਜੜ੍ਹਾਂ ਤੱਕ ਪੁਚਾਉਣ ਦੀ ਲੋੜ ਬਾਰੇ ਆਖਿਆ। ਉਪਰੰਤ ਸਭਾ ਦੇ ਸਕੱਤਰ ਗੁਰਚਰਨ ਥਿੰਦ ਵਲੋਂ ਸਟੇਜ ਦੀ ਅਗਲੇਰੀ ਕਾਰਵਾਈ ਆਰੰਭੀ ਗਈ।

ਇਸ ਸਮਾਗਮ ਵਿੱਚ ਵੱਖ-ਵੱਖ ਕਮਿਊਨੀਟੀਜ਼ ਦੇ ਕਲਾਕਾਰਾਂ ਦੇ ਗਰੁੱਪਾਂ ਨੇ ਭਾਗ ਲਿਆ। ਜਿਸ ਵਿੱਚ ਨੇਪਾਲੀ ਕਮਿਊਨਿਟੀ ਸੋਸਾਇਟੀ ਆਫ ਕੈਲਗਰੀ ਦੇ ਡਾਂਸ ਗਰੁੱਪ, ਫਿਲਪੀਨੋ ਇੰਡਕ ਗਲੋਬਲ ਕਲਚਰਲ ਡਾਂਸ ਗਰੁੱਪ, ਇਲਮ ਸੋਸਾਇਟੀ ਦੇ ‘ਯੂਨੀਵਰਸਲ ਵਾਈਬਜ਼’ ਗਰੁੱਪ, ਗਿੱਧਾ ਅਕੈਡਮੀ ਦੀਆਂ ਛੋਟੀਆਂ ਬੱਚੀਆਂ ਦੇ ਗਰੁੱਪ ਅਤੇ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਸੀਨੀਅਰ ਔਰਤਾਂ ਵਲੋਂ ਪੰਜਾਬੀ ਲੋਕ-ਨਾਚ ਗਿੱਧਾ ਪੇਸ਼ ਕੀਤਾ ਗਿਆ। ਡਾ: ਰੀਟਾ ਕਰਮਾਕਰ ਨੇ ਬੰਗਾਲੀ ਗੀਤ ਨਾਲ ਸਮਾਂ ਬੰਨ੍ਹਿਆ। ਮੁਨਵਰ ਅਹਿਮਦ ਪੰਜਾਬੀ ਅਤੇ ਸੁਖਮੰਦਰ ਸਿੰਘ ਗਿੱਲ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਵਾਰਿਸ ਸ਼ਾਹ ਦਾ ਕਲਾਮ ਗਾ ਕੇ ਵਾਹਵਾਹ ਖੱਟ ਲਈ। ਪ੍ਰੋਗਰਾਮ ਦਾ ਆਗਾਜ਼ ਹਰਮਿੰਦਰਪਾਲ ਸਿੰਘ ਨੇ ਆਪਣੀ ਬੁਲੰਦ ਅਵਾਜ਼ ਵਿੱਚ ਧਾਰਮਿਕ ਗੀਤ ਨਾਲ ਕੀਤਾ। ਦੀਪ ਬਰਾੜ ਨੇ ਹਾਰਮੋਨੀਅਮ ਤੇ ਮਾਹੀਆ ਗਾ ਕੇ ਰੌਣਕਾਂ ਲਾਈਆਂ।

ਸਮਾਗਮ ਵਿੱਚ ਅਲਬਰਟਾ ਦੇ ਮਲਟੀਕਲਚਰਿਜ਼ਮ ਮਨਿਸਟਰ ਮੁਹੰਮਦ ਯਾਸੀਨ ਜੀ ਦੀ ਦੋ ਘੰਟੇ ਦੀ ਹਾਜ਼ਰੀ ਖਾਸ ਜ਼ਿਕਰਯੋਗ ਰਹੀ। ਉਨ੍ਹਾਂ ਕਨੇਡਾ ਦੇ ਬਹੁ-ਸਭਿਆਚਾਰ ਦੇਸ਼ ਹੋਣ ਦੀ ਵਿਸ਼ੇਸ਼ਤਾ ਦੀ ਗੱਲ ਕਰਦਿਆਂ ਹਰੇਕ ਕਨੇਡਾਵਾਸੀ ਦੇ ਬਰਾਬਰ ਦੇ ਹੱਕਾਂ, ਮੌਕਿਆਂ ਤੇ ਫ਼ਰਜ਼ਾਂ ਬਾਰੇ ਸਾਂਝ ਪਾਈ। ਐਮ.ਐਲ.ਏ. ਗੁਰਦਿੰਰ ਬਰਾੜ ਅਤੇ ਪਰਮੀਤ ਬੋਪਾਰਾਏ ਹੁਰਾਂ ਅਲਬਰਟਾ ਵਿੱਚ ਹੋਣ ਵਾਲੇ ਰੈਫਰੰਡਮ ਦਾ ਜ਼ਿਕਰ ਕੀਤਾ ਅਤੇ ਕਨੇਡਾ ਦੇ ਸਾਰੇ ਪ੍ਰੋਵਿੰਸਜ਼ ਦੇ ਇੱਕਮੁੱਠ ਹੋ ਕੇ ਰਹਿਣ ਦੀ ਕਾਮਨਾ ਕੀਤੀ। ਵਾਰਡ-5 ਦੇ ਕਾਊਂਸਲਰ ਰਾਜ ਧਾਲੀਵਾਲ ਜੀ ਵੀ ਇਸ ਉਤਸਵ ਵਿੱਚ ਸ਼ਾਮਲ ਹੋਏ। ਐਨ ਆਖਰੀ ਮੌਕੇ ’ਤੇ ਐਡਮਿੰਟਨ ਤੋਂ ਐਮ.ਐਲ.ਏ. ਜਸਵੀਰ ਸਿੰਘ ਦਿਓਲ ਇਸ ਸਮਾਗਮ ਵਿੱਚ ਆ ਸ਼ਾਮਲ ਹੋਏ। ਪੰਜਾਬੀ ਕਮਿਊਨਿਟੀ ਦੀਆਂ ਵੱਖ-ਵੱਖ ਐਸੋਸੀਏਸ਼ਨਜ਼ ਦੇ ਪਤਵੰਤੇ ਸੱਜਣਾਂ ਦੀ ਭਾਵਪੂਰਤ ਸ਼ਮੂਲੀਅਤ ਰਹੀ। ਵੱਖ-ਵੱਖ ਸਭਿਆਚਾਰਾਂ ਨੂੰ ਗੀਤਾਂ ਅਤੇ ਨਾਚ ਰਾਹੀਂ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਇਨ੍ਹਾਂ ਸਭ ਵਲੋਂ ਵਾਰੀ-ਵਾਰੀ ਸਟੇਜ ’ਤੇ ਆ ਕੇ ਸਰਟੀਫੀਕੇਟਾਂ ਨਾਲ ਸਨਮਾਨਤ ਕੀਤਾ ਗਿਆ। ਬਲਵਿੰਦਰ ਬਰਾੜ, ਸੁਰਿੰਦਰ ਗੀਤ, ਸੁਖਵਿੰਦਰ ਤੂਰ, ਸੋਹਣ ਸਿੰਘ ਭੁੱਚੋ, ਗੁਰਚਰਨ ਹੇਅਰ, ਗੁਰਦੀਪ ਧਾਲੀਵਾਲ, ਰਮਨ ਗਿੱਲ ਤੇ ਜਗਦੇਵ ਸਿੰਘ ਸਿੱਧੂ ਹੁਰਾਂ ਆਪਣੇ-ਆਪਣੇ ਅੰਦਾਜ਼ ਨਾਲ ਹਾਜ਼ਰੀ ਲੁਆਈ।

ਇਨ੍ਹਾਂ ਜਸ਼ਨਾਂ ਵਾਲੇ ਸਮਾਗਮ ਵਿੱਚ ਹਾਲ ਦੇ ਇੱਕ ਪਾਸੇ ਮੇਜ਼ਾਂ ਉਪਰ ਮਨਿੰਦਰ ਚਾਨੇ ਅਤੇ ਜਸਜੋਤ ਰੁਪਾਲ ਵਲੋਂ ਆਪਣੀ ਕੈਲੀਗ੍ਰਾਫੀ ਦੀ ਕਲਾ ਦੀਆਂ ਪ੍ਰਦਰਸ਼ਿਤ ਕੀਤੀਆਂ ਕਲਾਕ੍ਰਿਤੀਆਂ ਨੇ ਸਭ ਦਾ ਧਿਆਨ ਖਿੱਚਿਆ। ਹਾਲ ਦੇ ਦੂਜੇ ਪਾਸੇ ਦੋ ਮੇਜ਼ਾਂ ’ਤੇ ਸਥਾਨਕ ਲੇਖਕਾਂ ਦੀਆਂ ਰੱਖੀਆਂ ਗਈਆਂ ਕਿਤਾਬਾਂ ਨੂੰ ਵੀ ਹਾਜ਼ਰੀਨ ਫਰੋਲਦੇ ਵੇਖੇ ਗਏ। ਇਨ੍ਹਾਂ ਪੁਸਤਕਾਂ ਵਿੱਚ ਲੇਖਕ ਸਭਾਵਾਂ ਦੇ ਲੇਖਕਾਂ ਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਲੇਖਕ ਅਬਦੁਲ ਬਾਸਿਤ ਤਾਹਿਰ ਦੀਆਂ ਸ਼ਾਹਮੁੱਖੀ ਦੀਆਂ ਕਿਤਾਬਾਂ ਸ਼ਾਮਲ ਸਨ।

ਪ੍ਰੋਗਰਾਮ ਦੌਰਾਨ ਡਾ: ਥਿੰਦ ਦੀ ਦੇਖ-ਰੇਖ ਹੇਠ ਅਮਨਪ੍ਰੀਤ, ਪਰੀਤ ਸਾਗਰ ਤੇ ਉਸਦੀ ਪਤਨੀ ਨੇ ਸਾਰਾ ਸਮਾਂ ਚਾਹ ਅਤੇ ਸਨੈਕਸ ਦਾ ਵਰਤਾਉਣਾ ਜਾਰੀ ਰੱਖਿਆ। ਖਾਣ-ਪੀਣ ਦੇ ਨਾਲ-ਨਾਲ ਹਰ ਵਰਗ ਦੇ ਹਾਜ਼ਰੀਨ ਨੇ ਸਟੇਜ ’ਤੇ ਗੁਰਚਰਨ ਥਿੰਦ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਇਕ ਤੋਂ ਬਾਅਦ ਇਕ ਨਾਯਾਬ ਆਈਟਮਾਂ ਦੀ ਕਰਵਾਈ ਜਾ ਰਹੀ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ। ਰਵੀ ਦਾ ਆਡੀਓ ਸਿਸਟਮ ਇਸ ਸਭ ਨੂੰ ਹੋਰ ਵੀ ਰੌਚਕ ਬਣਾ ਰਿਹਾ ਸੀ। ਸਮੁੱਚੀ ਕਾਰਵਾਈ ਨੂੰ ਸ਼ਿਵਾਲਕ ਟੀ.ਵੀ. ਲਈ ਪਰਮਜੀਤ ਭੰਗੂ ਜੀ ਨੇ ਟੀ.ਵੀ. ਚੈਨਲ ਦੇ ਚੀਫ਼ ਆਡੀਟਰ ਭੁਪਿੰਦਰ ਸਿੰਘ ਭਾਗੋਮਾਜਰਾ ਦੀ ਹਾਜ਼ਰੀ ਵਿੱਚ ਬਾਖ਼ੂਬੀ ਕਵਰ ਕੀਤਾ। ਰੈੱਡ ਐਫ਼ਐਮ ਤੋਂ ਰਿਸ਼ੀ ਨਾਗਰ ਅਤੇ ਰੇਡੀਓ ਸੁਰਸੰਗਮ ਤੋਂ ਰਣਜੀਤ ਸਿੰਘ ਸਿੱਧੂ ਵੀ ਆਪੋ-ਆਪਣੇ ਮੀਡੀਆ ਵਲੋਂ ਸ਼ਾਮਲ ਹੋਏ। ਅੰਤ ਵਿੱਚ ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿਲੋਂ ਵਲੋਂ ਸਭ ਦਾ ਧੰਨਵਾਦ ਕਰਨ ਨਾਲ ਅੱਜ ਦੇ ਸਮਾਗਮ ਦੀ ਸਮਾਪਤੀ ਹੋ ਗਈ।