ਮਹਿੰਗਾਈ ਦੇ ਮੱਦੇਨਜ਼ਰ ਓਨਟਾਰਿਓ ਵਿੱਚ ਉਜਰਤ ਵਾਧਾ, 17.95 ਡਾਲਰ ਪ੍ਰਤੀ ਘੰਟਾ ਹੋਵੇਗੀ ਦਰ

ਮਹਿੰਗਾਈ ਦੇ ਮੱਦੇਨਜ਼ਰ ਓਨਟਾਰਿਓ ਵਿੱਚ ਉਜਰਤ ਵਾਧਾ, 17.95 ਡਾਲਰ ਪ੍ਰਤੀ ਘੰਟਾ ਹੋਵੇਗੀ ਦਰ

ਟੋਰਾਂਟੋ-ਓਨਟਾਰਿਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਵਿੱਚ ਪਹਿਲੀ ਅਕਤੂਬਰ ਤੋਂ ਘੱਟੋ-ਘੱਟ ਉਜਰਤ ਵਧਾ ਕੇ 17.95 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। ਮੌਜੂਦਾ ਸਮੇਂ ਇਹ ਉਜਰਤ 17.60 ਡਾਲਰ ਪ੍ਰਤੀ ਘੰਟਾ ਹੈ।

ਸਰਕਾਰੀ ਜਾਣਕਾਰੀ ਮੁਤਾਬਕ, ਇਹ ਵਾਧਾ ਮਹਿੰਗਾਈ ਦੇ ਹਿਸਾਬ ਨਾਲ ਕੀਤਾ ਗਿਆ ਹੈ, ਜਿਸ ਨਾਲ ਪੂਰਾ ਸਮਾਂ (ਹਫ਼ਤੇ ਵਿੱਚ 40 ਘੰਟੇ) ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਾਲਾਨਾ ਲਗਭਗ 728 ਡਾਲਰ ਵੱਧ ਆਮਦਨ ਹੋਵੇਗੀ।

ਲੇਬਰ ਮੰਤਰੀ ਡੇਵਿਡ ਪਿਕਿਨੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਓਨਟਾਰਿਓ ਉਹਨਾਂ ਪ੍ਰਾਂਤਾਂ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਦੇਸ਼ ਵਿੱਚ ਸਭ ਤੋਂ ਉੱਚੀਆਂ ਘੱਟੋ-ਘੱਟ ਉਜਰਤਾਂ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦਾ ਉਦੇਸ਼ ਕਰਮਚਾਰੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨਾ ਅਤੇ ਵਧ ਰਹੀ ਜੀਵਨ ਲਾਗਤ ਦੇ ਪ੍ਰਭਾਵ ਨੂੰ ਘਟਾਉਣਾ ਹੈ।