ਕੋਲਾ ਖਣਨ ਵਿਰੋਧੀ ਪਟੀਸ਼ਨ ਰੱਦ ਹੋਣ ਮਗਰੋਂ ਕੋਰਬ ਲੰਡ ਨੇ ਇਲੈਕਸ਼ਨਜ਼ ਅਲਬਰਟਾ ਦੀ ਜਾਂਚ ਪ੍ਰਕਿਰਿਆ 'ਤੇ ਚੁੱਕੇ ਸਵਾਲ
ਐਡਮਿੰਟਨ-ਅਲਬਰਟਾ ਦੇ ਪ੍ਰਸਿੱਧ ਕੰਟਰੀ ਗਾਇਕ ਅਤੇ ਰੈਂਚ ਮਾਲਕ ਕੋਰਬ ਲੰਡ ਨੇ ਕਿਹਾ ਹੈ ਕਿ ਸੂਬੇ ਵਿੱਚ ਨਵੇਂ ਕੋਲਾ ਖਣਨ ਪ੍ਰਾਜੈਕਟਾਂ ਨੂੰ ਰੋਕਣ ਲਈ ਚਲਾਈ ਗਈ ਉਨ੍ਹਾਂ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਵੀ ਉਹ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਇਲੈਕਸ਼ਨਜ਼ ਅਲਬਰਟਾ ਵੱਲੋਂ ਦਸਤਖ਼ਤਾਂ ਦੀ ਜਾਂਚ ਪ੍ਰਕਿਰਿਆ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ ਅਤੇ ਮਾਮਲਾ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਹੇ ਹਨ।
ਸੋਮਵਾਰ ਨੂੰ ਇੱਕ ਇੰਟਰਵਿਊ ਦੌਰਾਨ ਲੰਡ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਵਾਟਰ ਨਾਟ ਕੋਲ ਆਉਣ ਵਾਲੇ ਦਿਨਾਂ ਵਿੱਚ ਨਿਆਂਇਕ ਸਮੀਖਿਆ (ਜੁਡੀਸ਼ੀਅਲ ਰਿਵਿਊ) ਲਈ ਅਰਜ਼ੀ ਦੇ ਸਕਦਾ ਹੈ।ਪਿਛਲੇ ਹਫ਼ਤੇ ਇਲੈਕਸ਼ਨਜ਼ ਅਲਬਰਟਾ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਰੌਕੀ ਪਹਾੜਾਂ ਦੇ ਪੂਰਬੀ ਢਲਾਣਾਂ 'ਤੇ ਕੋਲਾ ਖਣਨ ਦੇ ਵਿਰੋਧ ਵਿੱਚ ਲੰਡ ਦੀ ਛੇ ਸਾਲਾਂ ਦੀ ਮੁਹਿੰਮ ਲਈ ਇਹ ਇੱਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ।
ਲੰਡ ਦਾ ਕਹਿਣਾ ਹੈ ਕਿ ਕੋਲਾ ਖਣਨ ਨਾਲ ਵਾਤਾਵਰਨ, ਖ਼ਾਸ ਕਰਕੇ ਪਾਣੀ ਦੇ ਸਰੋਤਾਂ ਨੂੰ ਗੰਭੀਰ ਖ਼ਤਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਾਰ-ਵਾਰ ਆਪਣੀਆਂ ਨੀਤੀਆਂ ਬਦਲਦੀ ਰਹੀ ਹੈ, ਜਿਸ ਕਾਰਨ ਲੋਕਾਂ ਦਾ ਭਰੋਸਾ ਡਗਮਗਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤੋਂ ਉਹ ਨਿਰਾਸ਼ ਤਾਂ ਹਨ, ਪਰ ਹੈਰਾਨ ਨਹੀਂ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਕੀ ਅਲਬਰਟਾ ਵਿੱਚ ਲੋਕਤੰਤਰੀ ਪ੍ਰਕਿਰਿਆ ਸਹੀ ਢੰਗ ਨਾਲ ਕੰਮ ਕਰ ਰਹੀ ਹੈ।ਪਟੀਸ਼ਨ ਨੂੰ ਕਾਮਯਾਬ ਬਣਾਉਣ ਲਈ ਲਗਭਗ ਇੱਕ ਲੱਖ 78 ਹਜ਼ਾਰ ਦਸਤਖ਼ਤਾਂ ਦੀ ਲੋੜ ਸੀ। ਲੰਡ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੋ ਲੱਖ ਸੱਤ ਹਜ਼ਾਰ ਤੋਂ ਵੱਧ ਦਸਤਖ਼ਤ ਜਮ੍ਹਾਂ ਕਰਵਾਏ ਸਨ। ਇਲੈਕਸ਼ਨਜ਼ ਅਲਬਰਟਾ ਨੇ ਇਨ੍ਹਾਂ ਵਿੱਚੋਂ ਇੱਕ ਲੱਖ 96 ਹਜ਼ਾਰ ਦਸਤਖ਼ਤਾਂ ਨੂੰ ਵੈਧ ਮੰਨਿਆ, ਪਰ ਬਾਅਦ ਵਿੱਚ ਅੰਕੜਿਆਂ ਦੇ ਆਧਾਰ 'ਤੇ ਕੀਤੀ ਗਈ ਜਾਂਚ ਵਿੱਚ ਸਿਰਫ਼ ਇੱਕ ਲੱਖ 72 ਹਜ਼ਾਰ ਦਸਤਖ਼ਤਾਂ ਦੀ ਹੀ ਪੁਸ਼ਟੀ ਹੋ ਸਕੀ, ਜਿਸ ਕਾਰਨ ਪਟੀਸ਼ਨ ਅਸਫਲ ਕਰਾਰ ਦਿੱਤੀ ਗਈ।
ਲੰਡ ਨੇ ਦੋਸ਼ ਲਾਇਆ ਕਿ ਇਲੈਕਸ਼ਨਜ਼ ਅਲਬਰਟਾ ਨੇ ਆਪਣੀ ਹੀ ਜਾਂਚ ਪ੍ਰਕਿਰਿਆ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਅਣਪਛਾਤੇ ਫ਼ੋਨ ਨੰਬਰਾਂ ਤੋਂ ਕਾਲਾਂ ਆਈਆਂ, ਜਿਨ੍ਹਾਂ ਵਿੱਚ ਕਾਲ ਕਰਨ ਵਾਲਿਆਂ ਨੇ ਆਪਣਾ ਸਟਾਫ਼ ਪਛਾਣ ਨੰਬਰ ਦੱਸੇ ਬਿਨਾਂ ਨਿੱਜੀ ਜਾਣਕਾਰੀ ਮੰਗੀ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਟੀਸ਼ਨ ਦੌਰਾਨ ਹਰ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ, ਫਿਰ ਵੀ ਉਨ੍ਹਾਂ ਨਾਲ ਨਿਆਂ ਨਹੀਂ ਹੋਇਆ।ਦੂਜੇ ਪਾਸੇ, ਇਲੈਕਸ਼ਨਜ਼ ਅਲਬਰਟਾ ਨੇ ਇਹ ਦੋਸ਼ ਰੱਦ ਕਰ ਦਿੱਤੇ ਹਨ। ਸੰਸਥਾ ਨੇ ਬਿਆਨ ਵਿੱਚ ਕਿਹਾ ਕਿ ਜੇ ਕਿਸੇ ਵੋਟਰ ਦਾ ਦਿੱਤਾ ਗਿਆ ਫ਼ੋਨ ਨੰਬਰ ਜਾਂ ਈ-ਮੇਲ ਕਾਰਗਰ ਨਹੀਂ ਸੀ ਤਾਂ ਉਸ ਦਸਤਖ਼ਤ ਨੂੰ ਰੱਦ ਕੀਤਾ ਗਿਆ। ਫ਼ੋਨ ਰਾਹੀਂ ਸੰਪਰਕ ਕਰਨ ਤੋਂ ਪਹਿਲਾਂ ਸੰਬੰਧਿਤ ਵਿਅਕਤੀ ਨੂੰ ਟੈਕਸਟ ਸੁਨੇਹਾ ਵੀ ਭੇਜਿਆ ਜਾਂਦਾ ਸੀ। ਇਸ ਦੌਰਾਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਸਰਕਾਰ ਕੋਲਾ ਖਣਨ ਸਬੰਧੀ ਲੋਕਾਂ ਦੀਆਂ ਚਿੰਤਾਵਾਂ ਨੂੰ ਪਹਿਲਾਂ ਹੀ ਕਈ ਠੋਸ ਕਦਮਾਂ ਰਾਹੀਂ ਸੰਬੋਧਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੂਰਬੀ ਢਲਾਣਾਂ ਦੇ ਲਗਭਗ 400 ਵਰਗ ਕਿਲੋਮੀਟਰ ਖੇਤਰ ਨੂੰ ਸੁਰੱਖਿਅਤ ਰੱਖਣ ਲਈ ਕੋਲਾ ਲੀਜ਼ਾਂ ਅਤੇ ਫ਼੍ਰੀਹੋਲਡ ਕੋਲਾ ਹੱਕ ਵਾਪਸ ਖਰੀਦੇ ਹਨ। ਇਸ ਤੋਂ ਇਲਾਵਾ ਪਹਾੜੀ ਚੋਟੀਆਂ ਨੂੰ ਉਡਾ ਕੇ ਅਤੇ ਖੁੱਲ੍ਹੀਆਂ ਖਾਣਾਂ ਰਾਹੀਂ ਕੋਲਾ ਖਣਨ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਪਾਣੀ ਦੇ ਸਰੋਤਾਂ ਦੀ ਬਿਹਤਰ ਸੰਭਾਲ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇ ਹੋਰ ਕਦਮ ਚੁੱਕਣ ਦੀ ਲੋੜ ਪਈ ਤਾਂ ਸਰਕਾਰ ਇਸ ਬਾਰੇ ਵੀ ਵਿਚਾਰ ਕਰੇਗੀ।
















