ਸਰੀ ਵਿੱਚ ਜਬਰਨ ਵਸੂਲੀ ਨਾਲ ਨਜਿੱਠਣ ਲਈ 20 ਹੋਰ ਆਰਸੀਐਮਪੀ ਅਧਿਕਾਰੀ ਤੈਨਾਤ ਕੀਤੇ ਜਾਣਗੇ: ਮੇਅਰ
ਸਰੀ-ਸਰੀ ਸ਼ਹਿਰ ਵਿੱਚ ਜਬਰਨ ਵਸੂਲੀ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਵੱਲੋਂ 20 ਹੋਰ ਆਰਸੀਐਮਪੀ ਅਧਿਕਾਰੀ ਤੈਨਾਤ ਕੀਤੇ ਜਾਣਗੇ। ਇਹ ਜਾਣਕਾਰੀ ਸਰੀ ਦੀ ਮੇਅਰ ਬ੍ਰੈਂਡਾ ਲਾਕ ਨੇ ਦਿੱਤੀ। ਮੇਅਰ ਬ੍ਰੈਂਡਾ ਲਾਕ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵਧ ਰਹੀ ਅਪਰਾਧਿਕ ਸਰਗਰਮੀ ਨੂੰ ਕਾਬੂ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ ਇਹ ਵਾਧੂ ਫੋਰਸ ਭੇਜੀ ਜਾ ਰਹੀ ਹੈ। ਇਹ ਬਿਆਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਸਰੀ ਵਿੱਚ ਇੱਕ ਅੰਤਰ-ਸੂਬਾਈ ਪੁਲਿਸ ਬੈਠਕ ਬੁਲਾਉਣ ਦੀ ਗੱਲ ਕਹੀ ਸੀ। ਪ੍ਰੀਮੀਅਰ ਈਬੀ ਅਨੁਸਾਰ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਅਤੇ ਓਂਟਾਰੀਓ ਦੀ ਪੁਲਿਸ ਲੀਡਰਸ਼ਿਪ ਅਗਲੇ ਦੋ ਹਫ਼ਤਿਆਂ ਵਿੱਚ ਸਰੀ ਵਿੱਚ ਇਕੱਠੀ ਹੋਵੇਗੀ। ਇਸ ਬੈਠਕ ਦੌਰਾਨ ਜਬਰਨ ਵਸੂਲੀ ਨਾਲ ਨਜਿੱਠ ਰਹੀ ਆਰਸੀਐਮਪੀ ਦੀ ਰਾਸ਼ਟਰੀ ਟੀਮ ਦੇ ਮੁਖੀ ਨਾਲ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਜਬਰਨ ਵਸੂਲੀ ਖ਼ਿਲਾਫ਼ ਕਾਰਵਾਈ ਲਈ ਆਰਸੀਐਮਪੀ ਨੂੰ ਹੋਰ ਫ਼ੈਡਰਲ ਸਰੋਤ ਮੁਹੱਈਆ ਕਰਵਾਉਣ ’ਤੇ ਸਹਿਮਤੀ ਦਿੱਤੀ ਗਈ ਹੈ। ਇਹ ਫੰਡਿੰਗ ਵਧੇਰੇ ਗੈਂਗ-ਵਿਰੋਧੀ ਪੁਲਿਸ ਅਧਿਕਾਰੀਆਂ ਦੀ ਤੈਨਾਤੀ ਲਈ ਵਰਤੀ ਜਾਵੇਗੀ, ਤਾਂ ਜੋ ਜਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਹੋ ਸਕੇ।
ਮੇਅਰ ਬ੍ਰੈਂਡਾ ਲਾਕ, ਜੋ ਜਲਦੀ ਹੀ ਔਟਵਾ ਜਾ ਕੇ ਫ਼ੈਡਰਲ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਵਾਲੇ ਹਨ, ਨੇ ਇਨ੍ਹਾਂ ਵਾਧੂ ਸਰੋਤਾਂ ਨੂੰ “ਬਹੁਤ ਮਹੱਤਵਪੂਰਨ” ਕਰਾਰ ਦਿੰਦਿਆਂ ਇਸ ਦਾ ਸਵਾਗਤ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜਬਰਨ ਵਸੂਲੀ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸ਼ਹਿਰ ਨੂੰ ਹੋਰ ਮਦਦ ਦੀ ਵੀ ਲੋੜ ਹੈ।
ਪ੍ਰੀਮੀਅਰ ਈਬੀ ਨੇ ਕਿਹਾ ਕਿ ਸਰੀ ਵਿੱਚ ਹੋ ਰਹੀ ਇਹ ਬੈਠਕ ਜਾਣਕਾਰੀ ਸਾਂਝੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਨ ਅਤੇ ਉਪਲਬਧ ਸਰੋਤਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਹੈ, ਤਾਂ ਜੋ ਜਾਂਚਾਂ ਆਖ਼ਰਕਾਰ ਗ੍ਰਿਫ਼ਤਾਰੀਆਂ ਅਤੇ ਅਦਾਲਤੀ ਕਾਰਵਾਈ ਤੱਕ ਪਹੁੰਚ ਸਕਣ।
















