ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪ੍ਰੀਮੀਅਰਜ਼ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪ੍ਰੀਮੀਅਰਜ਼ ਨਾਲ ਮੁਲਾਕਾਤ

ਓਟਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਵਿੱਚ ਕੈਨੇਡਾ ਦੇ ਸਾਰੇ ਪ੍ਰੀਮੀਅਰਜ਼ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦਾ ਮੁੱਖ ਮਕਸਦ ਸੂਬਿਆਂ ਅਤੇ ਕੇਂਦਰ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਸਾਹਮਣੇ ਮੌਜੂਦਾ ਰਾਜਨੀਤਕ ਤੇ ਆਰਥਿਕ ਚੁਣੌਤੀਆਂ ਨਾਲ ਇਕੱਠੇ ਨਜਿੱਠਣਾ ਰਿਹਾ। ਮੀਟਿੰਗ ਦਾ ਕੇਂਦਰੀ ਥੀਮ “ਇਕੱਠਿਆਂ ਹੋਣਾ ਅਤੇ ਨਿਰਮਾਣ ਕਰਨਾ” ਸੀ। ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਐਲਬਰਟਾ ਦੇ ਵੱਖਵਾਦੀ ਸਮੂਹਾਂ ਨੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਮਸਲੇ ’ਤੇ ਨਿਊਜ਼ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੂੰ ਦੋ ਵਾਰ ਸਵਾਲ ਪੁੱਛੇ ਗਏ। ਪਹਿਲੀ ਵਾਰ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਪ੍ਰੀਮੀਅਰਜ਼ ਨਾਲ ਹੋ ਰਹੇ ਸਹਿਯੋਗ ਅਤੇ ਸਾਂਝੇ ਕੰਮ ’ਤੇ ਜ਼ੋਰ ਦਿੱਤਾ। ਦੁਬਾਰਾ ਪੁੱਛੇ ਜਾਣ ’ਤੇ ਕਿ ਕੀ ਇਹ ਮੁਲਾਕਾਤਾਂ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਤੌਰ ’ਤੇ ਵੇਖੀਆਂ ਜਾ ਰਹੀਆਂ ਹਨ, ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਦੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਦੀ ਖ਼ੁਦਮੁਖ਼ਤਿਆਰੀ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਪ੍ਰੀਮੀਅਰ ਡੇਨੀਅਲ ਸਮਿੱਥ ਨੇ ਵੀ ਕਿਹਾ ਕਿ ਅਮਰੀਕਾ ਨੂੰ ਐਲਬਰਟਾ ਅਤੇ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਐਲਬਰਟਾ ਦੀ ਜਮਹੂਰੀ ਪ੍ਰਕਿਰਿਆ ਬਾਰੇ ਗੱਲਬਾਤ ਸਿਰਫ਼ ਐਲਬਰਟਾ ਦੇ ਲੋਕਾਂ ਅਤੇ ਕੈਨੇਡੀਅਨ ਨਾਗਰਿਕਾਂ ਤੱਕ ਹੀ ਸੀਮਿਤ ਰਹੇ। ਸਮਿੱਥ ਨੇ ਇਹ ਵੀ ਦੱਸਿਆ ਕਿ ਉਹ ਵਾਸ਼ਿੰਗਟਨ ਵਿੱਚ ਕੈਨੇਡੀਅਨ ਨੁਮਾਇੰਦੇ ਰਾਹੀਂ ਆਪਣੇ ਖ਼ਦਸ਼ੇ ਅਮਰੀਕੀ ਪ੍ਰਸ਼ਾਸਨ ਤੱਕ ਪਹੁੰਚਾਉਣਗੇ।

ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਐਲਬਰਟਾ ਦੇ ਵੱਖਵਾਦੀ ਸਮੂਹਾਂ ਦੀਆਂ ਇਨ੍ਹਾਂ ਮੁਲਾਕਾਤਾਂ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਨੂੰ “ਗ਼ੱਦਾਰੀ” ਕਰਾਰ ਦਿੱਤਾ ਸੀ। ਬਾਅਦ ਦੀ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਕਿਹਾ ਕਿ ਵਿਦੇਸ਼ੀ ਸਰਕਾਰਾਂ ਨੂੰ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਲਈ ਸੱਦਾ ਦੇਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।

ਹਾਲਾਂਕਿ ਪ੍ਰੀਮੀਅਰ ਸਮਿੱਥ ਨੇ ਕਿਹਾ ਕਿ ਉਹ ਆਪਣੇ ਸੂਬੇ ਦੇ ਲੋਕਾਂ ਨੂੰ ਹਊਆ ਬਣਾਉਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਅਨੁਸਾਰ ਪਿਛਲੀਆਂ ਫ਼ੈਡਰਲ ਨੀਤੀਆਂ ਕਾਰਨ ਐਲਬਰਟਾ ਵਿੱਚ ਨਾਰਾਜ਼ਗੀ ਵਧੀ ਸੀ, ਪਰ ਮੌਜੂਦਾ ਸਰਕਾਰ ਦਾ ਮਕਸਦ ਕੈਨੇਡਾ ਨੂੰ ਇਕੱਠੇ ਅੱਗੇ ਵਧਾਉਣਾ ਹੈ। ਇਸ ਦੀ ਮਿਸਾਲ ਵਜੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਨਾਲ ਦਸਤਖ਼ਤ ਕੀਤੇ ਸਮਝੌਤਾ ਪੱਤਰ ਦਾ ਹਵਾਲਾ ਦਿੱਤਾ।

ਇਸ ਮੌਕੇ ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਨਿਊ ਬ੍ਰੰਜ਼ਵਿਕ ਦੀ ਪ੍ਰੀਮੀਅਰ ਸੁਜ਼ਨ ਹੋਲਟ ਨੇ ਵੀ ਪ੍ਰਧਾਨ ਮੰਤਰੀ ਨਾਲ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਮੌਜੂਦਾ ਸੰਬੰਧ “ਲਗਭਗ ਅਸਧਾਰਣ” ਸਥਿਤੀ ਵਿੱਚ ਹਨ। ਹੋਲਟ ਨੇ ਦੱਸਿਆ ਕਿ ਸੌਫ਼ਟਵੁੱਡ ਲੰਬਰ ਮਾਮਲੇ ’ਤੇ ਅਮਰੀਕਾ ਵੱਲੋਂ ਘੱਟ ਦਿਲਚਸਪੀ ਦਿਖਾਈ ਦੇ ਰਹੀ ਹੈ, ਜਿਸ ਨਾਲ ਕਿਸੇ ਤੁਰੰਤ ਸੌਦੇ ਦੀ ਸੰਭਾਵਨਾ ਘੱਟ ਹੈ।

ਪ੍ਰੀਮੀਅਰਜ਼ ਅਤੇ ਫ਼ੈਡਰਲ ਸਰਕਾਰ ਦਰਮਿਆਨ ਵਪਾਰਕ ਮਸਲਿਆਂ ’ਤੇ ਚਰਚਾ ਉਸ ਸਮੇਂ ਹੋਰ ਤੇਜ਼ ਹੋ ਗਈ, ਜਦੋਂ ਸਸਕਾਚੇਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਕਿ ਕੈਨੇਡਾ ਨੂੰ ਭਵਿੱਖ ਦੇ ਵਪਾਰਕ ਰਿਸ਼ਤਿਆਂ ਬਾਰੇ ਸਪੱਸ਼ਟ ਅਤੇ ਇਕਜੁੱਟ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ। ਉਨ੍ਹਾਂ ਅਨੁਸਾਰ CUSMA ਸਮਝੌਤੇ ਦੀ ਆਉਣ ਵਾਲੀ ਸਮੀਖਿਆ ਦੌਰਾਨ ਕੈਨੇਡਾ ਨੂੰ ਆਪਣੀ ਮਜ਼ਬੂਤ ਸਾਂਝੀ ਪੋਜ਼ੀਸ਼ਨ ਪੇਸ਼ ਕਰਨੀ ਹੋਵੇਗੀ।

ਅੰਤ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰੀਮੀਅਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਤਰ-ਸੂਬਾਈ ਵਪਾਰਕ ਰੁਕਾਵਟਾਂ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਕਦਰ ਕੀਤੀ ਜਾਂਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੈਨੇਡਾ ਦੀ ਪੂਰੀ ਆਰਥਿਕ ਸਮਰੱਥਾ ਨੂੰ ਵਰਤਣ ਲਈ ਬਾਕੀ ਰਹਿ ਗਈਆਂ ਪੁਰਾਣੀਆਂ ਅਤੇ ਮਹਿੰਗੀਆਂ ਰੁਕਾਵਟਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਲਾਜ਼ਮੀ ਹੈ।