ਕੈਲਗਰੀ ਲੇਖਕ ਸਭਾ ਦੀ ਮਾਰਚ ਮਹੀਨੇ ਦੀ ਮੀਟਿੰਗ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਮਾਰਚ ਮਹੀਨੇ ਦੀ ਮੀਟਿੰਗ ਮਾਰਚ ਮਹੀਨੇ ਦੀਆਂ ਪ੍ਰਮੁੱਖ ਤਾਰੀਖਾਂ — ਹੋਲਾ ਮਹੱਲਾ, ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਜਜ਼ਬੇ ਨਾਲ ਸ਼ੁਰੂ ਹੋਈ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਭਾ ਦੇ ਸਤਿਕਾਰਯੋਗ ਮੈਂਬਰ, ਭੌਤਿਕ ਵਿਗਿਆਨੀ ਡਾ. ਸੁਰਜੀਤ ਸਿੰਘ ਭੱਟੀ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਪ੍ਰਧਾਨ ਜਸਵੀਰ ਸਿੰਘ ਸਹੋਤਾ ਅਤੇ ਰਮਨ ਗਿੱਲ ਦੇ ਸਾਂਝੇ ਸੰਚਾਲਨ ਹੇਠ ਹੋਲਾ ਮਹੱਲਾ ਦੀ ਸ਼ੁਰੂਆਤ, ਇਸ ਦੀ ਧਾਰਮਿਕ ਤੇ ਰਾਜਨੀਤਿਕ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸਦੇ ਨਾਲ ਹੀ ਸੰਸਾਰ ਭਰ ਵਿੱਚ ਔਰਤਾਂ ਦੁਆਰਾ ਆਪਣੇ ਹੱਕਾਂ, ਸਮਾਜ ਵਿੱਚ ਹਰ ਪੱਧਰ ‘ਤੇ ਬਰਾਬਰੀ ਦੇ ਹੱਕ ਅਤੇ ਇੱਕ ਇਤਿਹਾਸਕ ਦਿਨ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਲੰਮੇ ਜ਼ੋਰਦਾਰ ਸੰਘਰਸ਼ਾਂ ਦੇ ਬਾਅਦ ੧੯੭੭ ਵਿੱਚ ਸੰਯੁਕਤ ਰਾਸ਼ਟਰ ਵੱਲੋਂ ੮ ਮਾਰਚ ਨੂੰ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਐਲਾਨਿਆ ਗਿਆ ਸੀ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਅੱਜ ਦੇ ਆਪੋਧਾਪੀ ਅਤੇ ਜੰਗੀ ਖ਼ਤਰੇ ਵਾਲੇ ਸਮੇਂ ਵਿੱਚ ਸਮਾਜਿਕ ਸਮਾਨਤਾ, ਸਮਾਜਿਕ ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ, ਧਰਮਨਿਰਪੱਖਤਾ ਅਤੇ ਸਮਾਜਿਕ ਏਕਤਾ ਦੇ ਸਿਧਾਂਤਾਂ ‘ਤੇ ਖੜ੍ਹੇ ਹੋਣ ਦੀ ਲੋੜ ਨੂੰ ਯਾਦ ਦਿਵਾਉਂਦੀ ਹੈ। ਇਨ੍ਹਾਂ ਸ਼ਹੀਦਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ।
ਉਪਰੰਤ ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਧਿੱਲੋਂ ਨੇ ਭਗਤ ਸਿੰਘ ਦੇ ਲੇਖ ‘ਮੈਂ ਨਾਸਤਿਕ ਕਿਉਂ ਹਾਂ?’ ਦਾ ਹਵਾਲਾ ਦਿੰਦਿਆਂ ਸਮਾਜਿਕ ਅਨਿਆਂ ਬਾਰੇ ਭਗਤ ਸਿੰਘ ਦੀ ਸੋਚ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਹਰ ਚੀਜ਼ ਨੂੰ ਪਰਖਣਾ ਅਤੇ ਤਰਕ ਨਾਲ ਪੇਸ਼ ਕਰਨਾ ਨਾਸਤਿਕ ਹੋਣਾ ਨਹੀਂ ਹੁੰਦਾ। ਵਿਗਿਆਨਕ ਖੋਜਾਂ ਨੇ ਕਈ ਧਾਰਮਿਕ ਧਾਰਣਾਵਾਂ ਨੂੰ ਵੀ ਨਵਾਂ ਆਧਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਬੀਲਾਈ ਯੁੱਗ ਵਿੱਚ ਔਰਤ ਅਤੇ ਮਰਦ ਦੋਹਾਂ ਨੂੰ ਬਰਾਬਰ ਹੱਕ ਪ੍ਰਾਪਤ ਸਨ। ਮੁੱਢਲੀਆਂ ਸਭਿਆਤਾਵਾਂ ਵਿੱਚ ਵੀ ਔਰਤਾਂ ਨੂੰ ਕਾਫ਼ੀ ਆਜ਼ਾਦੀ ਸੀ। ਉਦਾਹਰਨ ਵਜੋਂ ਕੁਝ ਅੰਬਰਦਾਰ ਪ੍ਰਥਾਵਾਂ ਵਿੱਚ ਔਰਤਾਂ ਨੂੰ ਆਪਣਾ ਵਰ ਚੁਣਨ ਦਾ ਅਧਿਕਾਰ ਸੀ। ਪਰ ਸਮੇਂ ਦੇ ਨਾਲ ਸਮਾਜਿਕ ਦਾਇਰਿਆਂ ਦੇ ਤੰਗ ਹੋਣ ਕਾਰਨ ਔਰਤਾਂ ‘ਤੇ ਕਈ ਕਿਸਮ ਦੀਆਂ ਪਾਬੰਦੀਆਂ ਲੱਗ ਗਈਆਂ ਅਤੇ ਉਨ੍ਹਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ।
ਅਮਨਦੀਪ ਸਿੰਘ ਦੁੱਲਤ ਨੇ ਕਿਹਾ ਕਿ ‘ਔਰਤ’ ਅਤੇ ‘ਬਿਊਟੀ’ ਦੀ ਪਰਿਭਾਸ਼ਾ ਸਮੇਂ ਦੇ ਨਾਲ ਬਦਲਦੀ ਰਹੀ ਹੈ। ਕਿਤੇ ਧਰਮਾਂ ਵਿੱਚ ਔਰਤ ਨੂੰ ਦੂਜੇ ਦਰਜੇ ਦੀ ਮੰਨਿਆ ਗਿਆ ਅਤੇ ਕਿਤੇ ਉਸਨੂੰ ਫਿਤਨਾ ਕਿਹਾ ਗਿਆ। ਹੇਠਲੇ ਦਰਜੇ ਦੀਆਂ ਨੌਕਰੀਆਂ ਵਿੱਚ ਔਰਤ ਮਰਦ ਦੇ ਬਰਾਬਰ ਹੈ ਪਰ ਉੱਚ ਅਹੁਦਿਆਂ ‘ਤੇ ਅਜੇ ਵੀ ਵਿਤਕਰਾ ਹੁੰਦਾ ਹੈ।
ਸੋਹਣ ਸਿੰਘ ਬੁੱਚੋਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕੀਤਾ —
“ਮਿਹਨਤ ਦੀਆਂ ਬੂੰਦੀਆਂ ਨੂੰ ਮਾਹੀ ਵੇ ਫਲ ਮਿੱਠੇ ਲੱਗਦੇ,
ਤੇਰੇ ਘਰ ਨੌਕਰੀ ਫੁੱਲਾਂ ਵਾਂਗ ਹੌਲੇ ਹੌਲੇ ਖਿੜਦੀ।”
ਚਰਨਦੀਪ ਕੌਰ ਨੇ ਸਾਲ ੨੦੨੬ ਦੇ ਮਹਿਲਾ ਦਿਵਸ ਦੇ ਥੀਮ ‘ਗਿਵ ਐਂਡ ਗੇਨ’ ਬਾਰੇ ਗੱਲ ਕੀਤੀ ਕਿ ਜੇ ਬੱਚਿਆਂ ਨੂੰ ਵਧੀਆ ਪਰਵਿਰਸ਼ ਮਿਲੇ ਤਾਂ ਸਮਾਜ ਵਿੱਚ ਕਿਸੇ ਵੀ ਕਿਸਮ ਦੀ ਵਿਗਾੜ ਦੀ ਸੰਭਾਵਨਾ ਘੱਟ ਰਹਿੰਦੀ ਹੈ। ਉਨ੍ਹਾਂ ਆਪਣੀ ਰਚਨਾ “ਐ ਔਰਤ ਤੈਨੂੰ ਔਰਤ ਦਿਵਸ ਦੀ ਵਧਾਈ” ਵੀ ਸੁਣਾਈ।
ਸਭਾ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਸੰਤੋਸ਼ ਚੀਮਾ ਨੇ ਆਪਣੇ ਘਰ ਵਿੱਚ ਕੁੜੀ ਦੇ ਜਨਮ ਨਾਲ ਜੁੜੀਆਂ ਸਮਾਜਿਕ ਧਾਰਣਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਘਰ-ਪਰਿਵਾਰ ਵਿੱਚ ਮਾਂ, ਮਾਸੀ, ਨਾਨੀ ਅਤੇ ਦਾਦੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ।
ਰਮਨ ਗਿੱਲ ਨੇ ਕਿਹਾ ਕਿ ਉਹ ਤਿੰਨ ਭੈਣਾਂ ਹਨ ਅਤੇ ਜਦੋਂ ਉਸ ਦੀ ਸਭ ਤੋਂ ਛੋਟੀ ਭੈਣ ਦਾ ਜਨਮ ਹੋਇਆ ਤਾਂ ਘਰ ਆਏ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ ਮਾਹੌਲ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਵੈਲਿਊਜ਼ ਅਤੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਜ਼ੁਬਾਨ ‘ਤੇ ਕਾਬੂ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ।
ਬਲਦੇਵ ਸਿੰਘ ਦੁੱਲਤ ਨੇ ਕੈਨੇਡਾ ਵਿੱਚ ਔਰਤਾਂ ਵੱਲੋਂ ਸਮਾਨ ਅਧਿਕਾਰਾਂ ਅਤੇ ਵੋਟ ਦੇ ਹੱਕ ਲਈ ਕੀਤੇ ਗਏ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਧਾਨ ਜਸਵੀਰ ਸਿੰਘ ਸਹੋਤਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਉਭਰਦੇ ਕਵੀ ਕੁਲਵਿੰਦਰ ਕਮੇ ਦੀਆਂ ਰਚਨਾਵਾਂ ਸੁਣਨ ਦੀ ਸਲਾਹ ਦਿੱਤੀ। ਉਨ੍ਹਾਂ ਆਪਣੀ ਰਚਨਾ “ਭਗਤ ਸਿੰਘ ਰੱਖਦੇ ਕਿਤਾਬ ਮੋੜ ਦੇ ਵਰਕੇ” ਵੀ ਸੁਣਾਈ।
ਪਰਮਜੀਤ ਭੰਗੂ ਨੇ ਹੋਲਾ ਮਹੱਲਾ ਤਿਉਹਾਰ ਬਾਰੇ ਦੱਸਿਆ ਕਿ ਗੁਰੂ ਸਾਹਿਬ ਨੇ ਉਸ ਸਮੇਂ ਦੇ ਹਾਕਮਾਂ ਦੇ ਗੁਲਾਮਾਂ ਨੂੰ ਰੰਗਾਂ ਨਾਲ ਹੋਲੀ ਖੇਡਣ ਦੀ ਥਾਂ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦੀ ਪ੍ਰੇਰਣਾ ਦਿੱਤੀ।
ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਔਰਤਾਂ ਨੂੰ ਪਹਿਲਾਂ ਤੋਂ ਹੀ ਕਈ ਚੀਜ਼ਾਂ ਸਮਝਿਆ ਗਿਆ ਹੈ ਜਿਸਦਾ ਪ੍ਰਮਾਣ ਸੀਤਾ, ਦ੍ਰੌਪਦੀ ਅਤੇ ਕੁੰਤੀ ਦੀਆਂ ਕਹਾਣੀਆਂ ਹਨ। ਅੱਜ ਵੀ ਕਿਤੇ ਘਰੇਲੂ ਹਿੰਸਾ ਅਤੇ ਕਿਤੇ ਸਰੀਰਕ ਸ਼ੋਸ਼ਣ ਦੇ ਰੂਪ ਵਿੱਚ ਇਹ ਵਰਤਾਰਾ ਜਾਰੀ ਹੈ।
ਅੰਤ ਵਿੱਚ ਸਕੱਤਰ ਗੁਰਚਰਨ ਸਿੰਘ ਢੀਂਡਸਾ ਨੇ ਔਰਤ ਅਤੇ ਮਰਦ ਦੇ ਬਰਾਬਰ ਸਬੰਧਾਂ ਬਾਰੇ ਆਪਣੀ ਰਚਨਾ ਸੁਣਾਈ ਜਿਸ ਵਿੱਚ ਸੰਸਾਰ ਦੀ ਰਚਨਾ ਲਈ ਦੋਹਾਂ ਦੀ ਬਰਾਬਰ ਭੂਮਿਕਾ ਦਰਸਾਈ ਗਈ।
ਇਸ ਤਰ੍ਹਾਂ ਅੱਜ ਦੀ ਮੀਟਿੰਗ ਵਿੱਚ ਹੋਰ ਵਿਸ਼ਿਆਂ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵੀ ਭਰਪੂਰ ਵਿਚਾਰ-ਵਟਾਂਦਰਾ ਹੋਇਆ।
















