ਅਲਬਰਟਾ ਵਿੱਚ ਵੱਖ ਹੋਣ ਦੀ ਚਰਚਾ ਤੇਜ਼, ਕੈਲਗਰੀ ‘ਚ ਲੋਕਾਂ ਦਾ ਵਿਰੋਧ

ਅਲਬਰਟਾ ਵਿੱਚ ਵੱਖ ਹੋਣ ਦੀ ਚਰਚਾ ਤੇਜ਼, ਕੈਲਗਰੀ ‘ਚ ਲੋਕਾਂ ਦਾ ਵਿਰੋਧ

ਕੈਲਗਰੀ-ਅਲਬਰਟਾ ਵਿੱਚ ਅਲੱਗਾਵ (ਸੇਪਰੇਸ਼ਨ) ਦੇ ਚਰਚੇ ਦਰਮਿਆਨ, ਕੈਲਗਰੀ ਸਿਟੀ ਹਾਲ ਵਿਖੇ ਸ਼ਨੀਵਾਰ ਨੂੰ ਇੱਕ ਵੱਡੀ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿੱਚ ਲੋਕਾਂ ਨੇ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਹੱਕ ‘ਚ ਆਪਣੀ ਆਵਾਜ਼ ਉਠਾਈ। ਇਹ ਰੈਲੀ ਖਾਸ ਤੌਰ ‘ਤੇ ਆਦਿਵਾਸੀ ਭਾਈਚਾਰੇ ਦੀ ਅਗਵਾਈ ਹੇਠ ਕਰਵਾਈ ਗਈ ਸੀ।“Treaties Are Forever, Alberta is Canada” ਨਾਮਕ ਗਰੁੱਪ ਵੱਲੋਂ ਇਹ ਦੂਜੀ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ‘ਚ ਵੀ ਇਸੇ ਮਸਲੇ ‘ਤੇ ਇਕੱਠ ਕੀਤਾ ਗਿਆ ਸੀ।

ਰੈਲੀ ਦੀ ਆਯੋਜਕ ਨਿਕੋਲ ਜੌਨਸਟਨ, ਜੋ ਕਿ ਟਰੀਟੀ 7 ਨਾਲ ਸੰਬੰਧਤ ਬਲੈਕਫੁੱਟ ਕੌਮ ਨਾਲ ਸਬੰਧਤ ਹਨ, ਨੇ ਕਿਹਾ ਕਿ ਅਲਬਰਟਾ ਵਿੱਚ ਕੀਤੇ ਗਏ ਟਰੀਟੀ ਸਮਝੌਤੇ ਸਿਰਫ ਕਾਗਜ਼ੀ ਨਹੀਂ, ਸਗੋਂ ਸੰਵਿਧਾਨਕ ਤੌਰ ‘ਤੇ ਸੁਰੱਖਿਅਤ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਅਲੱਗਾਵ ਦੀ ਕੋਸ਼ਿਸ਼ ਇਹਨਾਂ ਸਮਝੌਤਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਅਲੱਗਾਵ ਦੀ ਗੱਲ ਚਲਣੀ ਸ਼ੁਰੂ ਹੋਈ ਹੈ, ਉਨ੍ਹਾਂ ਦੇ ਭਾਈਚਾਰੇ ਵੱਲ ਵਧ ਰਹੀ ਨਸਲਵਾਦੀ ਸੋਚ ਵਿੱਚ ਇਜ਼ਾਫਾ ਹੋਇਆ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਇਸੇ ਦੌਰਾਨ, ਐਡਮੰਟਨ ‘ਚ ਵੀ ਇੱਕ ਹੋਰ ਪ੍ਰੋ-ਕੈਨੇਡਾ ਰੈਲੀ ਆਯੋਜਿਤ ਕੀਤੀ ਗਈ।ਦੂਜੇ ਪਾਸੇ, ਅਲਬਰਟਾ ਦੀ ਪ੍ਰੀਮੀਅਰ ਡੈਨਿਯਲ ਸਮਿੱਥ ਨੇ ਸਾਫ ਕੀਤਾ ਕਿ ਸਰਕਾਰ ਦੀ ਪੋਜ਼ੀਸ਼ਨ ਕੈਨੇਡਾ ਵਿੱਚ ਰਹਿਣ ਦੀ ਹੈ, ਹਾਲਾਂਕਿ ਉਹ ਕਹਿੰਦੇ ਹਨ ਕਿ ਇੱਕਜੁਟ ਕੈਨੇਡਾ ਵਿੱਚ ਅਲਬਰਟਾ ਦੀ ਸੰਪ੍ਰਭੂਤਾ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।ਵਿਰੋਧੀ ਧਿਰ ਦੇ ਨੇਤਾ ਨਹੀਦ ਨੇਨਸ਼ੀ ਨੇ ਇਸ ਰੈਫਰੈਂਡਮ ਪ੍ਰਕਿਰਿਆ ਨੂੰ ਰਾਜਨੀਤਿਕ ਦਿਖਾਵਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਟੈਕਸਦਾਤਿਆਂ ਦੇ ਮਿਲੀਅਨ ਡਾਲਰ ਖਰਚ ਹੋਣਗੇ। ਉਨ੍ਹਾਂ ਨੇ “Forever Canadian” ਪਟੀਸ਼ਨ ਦਾ ਵੀ ਜ਼ਿਕਰ ਕੀਤਾ, ਜਿਸ ‘ਤੇ ਲਗਭਗ 4.4 ਲੱਖ ਲੋਕਾਂ ਨੇ ਦਸਤਖ਼ਤ ਕੀਤੇ ਹਨ।

ਇਸ ਦੇ ਨਾਲ ਹੀ, ਅਲਬਰਟਾ ਦੀ ਆਜ਼ਾਦੀ ਦੇ ਹੱਕ ‘ਚ ਵੀ ਇੱਕ ਪਟੀਸ਼ਨ ਚੱਲ ਰਹੀ ਹੈ, ਪਰ ਇਸ ਸਮੇਂ ਉਹ ਅਦਾਲਤੀ ਸਮੀਖਿਆ ਹੇਠ ਹੈ।ਰੈਲੀ ਦੇ ਆਯੋਜਕਾਂ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ‘ਚ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਕਰਦੇ ਰਹਿਣਗੇ, ਤਾਂ ਜੋ ਲੋਕਾਂ ਨੂੰ ਇਕੱਠੇ ਰਹਿਣ ਅਤੇ ਸ਼ਾਂਤੀ ਨਾਲ ਜੀਊਣ ਦਾ ਸੰਦੇਸ਼ ਦਿੱਤਾ ਜਾ ਸਕੇ।ਅਲਬਰਟਾ ਵਿੱਚ ਇਹ ਸੂਬਾ-ਪੱਧਰੀ ਰੈਫਰੈਂਡਮ 19 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ।