ਓਨਟਾਰੀਓ ਦੀ ਐਮਪੀਪੀ ਦੇ ਪਤੀ ਨੇ ਟਰੰਪ ਦੀਆਂ ਡਿਪੋਰਟੇਸ਼ਨ ਉਡਾਣਾਂ ਚਲਾਉਣ ਵਾਲੀ ਏਅਰਲਾਈਨ ਦੇ ਸ਼ੇਅਰ ਵੇਚੇ

ਓਨਟਾਰੀਓ ਦੀ ਐਮਪੀਪੀ ਦੇ ਪਤੀ ਨੇ ਟਰੰਪ ਦੀਆਂ ਡਿਪੋਰਟੇਸ਼ਨ ਉਡਾਣਾਂ ਚਲਾਉਣ ਵਾਲੀ ਏਅਰਲਾਈਨ ਦੇ ਸ਼ੇਅਰ ਵੇਚੇ

ਟੋਰਾਂਟੋ-ਓਨਟਾਰੀਓ ਦੀ ਇੱਕ ਐਮਪੀਪੀ ਦੇ ਪਤੀ ਵੱਲੋਂ ਉਸ ਏਅਰਲਾਈਨ ਦੇ ਸ਼ੇਅਰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਦੀਆਂ ਵਿਵਾਦਤ ਡਿਪੋਰਟੇਸ਼ਨ ਉਡਾਣਾਂ ਵਿੱਚ ਸਭ ਤੋਂ ਵੱਧ ਸ਼ਾਮਲ ਰਹੀ ਹੈ। ਓਨਟਾਰੀਓ ਦੀ ਅਟਾਰਨੀ ਜਨਰਲ ਦੀ ਪਾਰਲੀਮੈਂਟਰੀ ਅਸਿਸਟੈਂਟ  ਮੋਨਿਕਾ ਸਿਰੀਏਲੋ ਦੇ ਦਫ਼ਤਰ ਮੁਤਾਬਕ, ਉਨ੍ਹਾਂ ਦੇ ਪਤੀ ਕੋਲ ਗਲੋਬਲ ਐਕਸ ਏਅਰਲਾਈਨ ਦੇ ਸ਼ੇਅਰ ਸਨ, ਪਰ ਇਹ ਸ਼ੇਅਰ 2025 ਵਿੱਚ ਹੀ ਖਰੀਦੇ ਅਤੇ ਵੇਚੇ ਗਏ। ਦਫ਼ਤਰ ਨੇ ਕਿਹਾ ਕਿ ਸਿਰੀਏਲੋ ਖੁਦ ਸ਼ੇਅਰ ਖਰੀਦਣ ਵਿੱਚ ਸ਼ਾਮਲ ਨਹੀਂ ਸਨ ਅਤੇ ਨਿਵੇਸ਼ ਲਈ ਵਰਤਿਆ ਗਿਆ ਖਾਤਾ ਉਨ੍ਹਾਂ ਦੇ ਪਤੀ ਦੀ ਮਲਕੀਅਤ ਸੀ। ਐਨਡੀਪੀ ਆਗੂ ਮੈਰਿਟ ਸਟਾਈਲਜ਼ ਨੇ ਇਸ ਨਿਵੇਸ਼ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਹ ਕਿਹੜੀਆਂ ਕੰਪਨੀਆਂ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਖ਼ਾਸ ਤੌਰ ’ਤੇ ਅਮਰੀਕੀ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨਾਲ ਜੁੜੀਆਂ ਡਿਪੋਰਟੇਸ਼ਨ ਉਡਾਣਾਂ ਦਾ ਹਵਾਲਾ ਦਿੱਤਾ।

ਹਿਊਮਨ ਰਾਈਟਸ ਫਰਸਟ ਦੇ ਆਈਸ ਫਲਾਈਟ ਮੌਨੀਟਰ ਮੁਤਾਬਕ, ਗਲੋਬਲ ਐਕਸ ਨੇ ਇਸ ਸਾਲ ਹੁਣ ਤੱਕ 4,000 ਤੋਂ ਵੱਧ ਡਿਟੇਨੀ ਟਰਾਂਸਫਰ ਅਤੇ ਡੀਪੋਰਟੇਸ਼ਨ ਫਲਾਈਟਸ  ਸੰਭਾਲੀਆਂ ਹਨ, ਜੋ ਆਈਸ ਦੀਆਂ ਕੁੱਲ ਉਡਾਣਾਂ ਦਾ ਲਗਭਗ ਇੱਕ-ਤਿਹਾਈ ਹਿੱਸਾ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਦੋਸ਼ ਲਗਾਇਆ ਹੈ ਕਿ ਗਲੋਬਲ ਐਕਸ ਦੀਆਂ ਕੁਝ ਡਿਪੋਰਟੇਸ਼ਨ ਉਡਾਣਾਂ ਵਿੱਚ ਅਦਾਲਤੀ ਹੁਕਮਾਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਨਾਲ ਲੋਕਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ। ਮਾਰਚ 2025 ਵਿੱਚ ਟਰੰਪ ਪ੍ਰਸ਼ਾਸਨ ਨੇ ਗਲੋਬਲ ਐਕਸ ਦੇ ਜਹਾਜ਼ਾਂ ਰਾਹੀਂ ਲਗਭਗ 200 ਕਥਿਤ ਗੈਂਗ ਮੈਂਬਰਾਂ ਨੂੰ ਅਲ ਸਲਵਾਡੋਰ ਭੇਜਿਆ ਸੀ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇੱਕ ਅਦਾਲਤੀ ਹੁਕਮ ਅਮਰੀਕੀ ਸਰਕਾਰ ਨੂੰ ਜਹਾਜ਼ ਵਾਪਸ ਮੋੜਨ ਲਈ ਕਹਿ ਰਿਹਾ ਸੀ। ਇਨ੍ਹਾਂ ਯਾਤਰੀਆਂ ਵਿੱਚ ਕਿਲਮਰ ਐਬਰੈਗੋ ਗਾਰਸ਼ੀਆ ਵੀ ਸ਼ਾਮਲ ਸੀ, ਜਿਸ ਬਾਰੇ ਬਾਅਦ ਵਿੱਚ ਅਮਰੀਕੀ ਸਰਕਾਰ ਨੇ ਮੰਨਿਆ ਕਿ ਉਸ ਨੂੰ ਪ੍ਰਸ਼ਾਸਨਿਕ ਗਲਤੀ ਕਾਰਨ ਭੇਜਿਆ ਗਿਆ ਸੀ। ਹਿਊਮਨ ਰਾਈਟਸ ਫਰਸਟ  ਮੁਤਾਬਕ, ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਆਈਸ ਦੀਆਂ ਡਿਪੋਰਟੇਸ਼ਨ ਉਡਾਣਾਂ ਵਿੱਚ ਵੱਡਾ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਸ਼ੁਰੂ ਵਿੱਚ ਲਗਭਗ 18 ਉਡਾਣਾਂ ਰੋਜ਼ਾਨਾ ਚੱਲ ਰਹੀਆਂ ਸਨ, ਜਦਕਿ ਪਿਛਲੇ ਮਹੀਨੇ ਇਹ ਗਿਣਤੀ ਲਗਭਗ 70 ਉਡਾਣਾਂ ਪ੍ਰਤੀ ਦਿਨ ਹੋ ਗਈ। ਸਿਰੀਏਲੋ ਦੇ ਦਫ਼ਤਰ ਨੇ ਇਹ ਨਹੀਂ ਦੱਸਿਆ ਕਿ ਸ਼ੇਅਰ ਕਿਸ ਤਾਰੀਖ਼ ਨੂੰ ਜਾਂ ਕਿਸ ਕਾਰਨ ਕਰਕੇ ਵੇਚੇ ਗਏ ਅਤੇ ਇਸ ਨਿਵੇਸ਼ ਤੋਂ ਕੋਈ ਮੁਨਾਫ਼ਾ ਹੋਇਆ ਜਾਂ ਨਹੀਂ। ਓਨਟਾਰੀਓ ਵਿਧਾਨ ਸਭਾ ਵਿੱਚ 27 ਫਰਵਰੀ 2025 ਤੱਕ ਇਹ ਨਿਵੇਸ਼ ਮੈਂਬਰਜ਼ ਪਬਲਿਕ ਡਿਸਕਲੋਜ਼ਰ ਸਟੇਟਮੈਂਟ ਵਿੱਚ ਦਰਜ ਸੀ। ਗਲੋਬਲ ਐਕਸ ਨੇ ਕੁੱਝ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਕੰਪਨੀ ਆਪਣੇ ਆਪ ਨੂੰ ਅਮਰੀਕਾ ਦੀ ਤੇਜ਼ੀ ਨਾਲ ਵਧ ਰਹੀ ਚਾਰਟਰ ਏਅਰਲਾਈਨ ਦੱਸਦੀ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਗਲੋਬਲ ਐਕਸ ਵਰਗੀ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪੂੰਜੀ ਕਿਹੜੀਆਂ ਗਤੀਵਿਧੀਆਂ ਨੂੰ ਸਮਰਥਨ ਦੇ ਰਹੀ ਹੈ।