ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਧੜੇ ਸਰਗਰਮ, ਪਰ ਚੋਣ ਕਮਿਸ਼ਨ ਦੀ ਮਨਜ਼ੂਰੀ ਹਾਲੇ ਬਾਕੀ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਧੜੇ ਸਰਗਰਮ, ਪਰ ਚੋਣ ਕਮਿਸ਼ਨ ਦੀ ਮਨਜ਼ੂਰੀ ਹਾਲੇ ਬਾਕੀ

ਅੰਮ੍ਰਿਤਸਰ-ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਦੋ ਧੜਿਆਂ ਨੇ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਹਨ।ਹਾਲਾਂਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੋਵਾਂ ਨੂੰ ਹਾਲੇ ਤੱਕ ਭਾਰਤੀ ਚੋਣ ਕਮਿਸ਼ਨ ਵੱਲੋਂ ਰਸਮੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਨਹੀਂ ਮਿਲਿਆ।ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਜਨਵਰੀ 2025 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਗਠਨ ਕੀਤਾ ਗਿਆ ਸੀ।

ਇਸ ਧੜੇ ਨੇ ਪਿਛਲੇ ਸਮੇਂ ਦੌਰਾਨ ਆਪਣਾ ਸਿਆਸੀ ਦਾਇਰਾ ਵਧਾਇਆ ਹੈ ਅਤੇ ਨਵੇਂ ਆਗੂਆਂ ਨੂੰ ਆਪਣੇ ਨਾਲ ਜੋੜਨ ਦੇ ਨਾਲ-ਨਾਲ ਦੋ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਲਈ ਅਰਜ਼ੀ ਕਾਫੀ ਸਮਾਂ ਪਹਿਲਾਂ ਦਿੱਤੀ ਗਈ ਸੀ, ਪਰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਇਸ ’ਤੇ ਅੰਤਿਮ ਫੈਸਲਾ ਨਹੀਂ ਹੋਇਆ।ਪਾਰਟੀ ਦੇ ਵਕੀਲ ਹਰਜੋਤ ਸਿੰਘ ਮਾਨ ਮੁਤਾਬਕ, ਚੋਣ ਕਮਿਸ਼ਨ ਵੱਲੋਂ ਕੁਝ ਵਾਧੂ ਦਸਤਾਵੇਜ਼ ਅਤੇ ਸਪਸ਼ਟੀਕਰਨ ਮੰਗੇ ਗਏ ਸਨ, ਜੋ ਪਾਰਟੀ ਵੱਲੋਂ ਮੁਹੱਈਆ ਕਰਵਾਏ ਗਏ ਹਨ।

ਰਿਪੋਰਟ ਮੁਤਾਬਕ ਚੋਣ ਕਮਿਸ਼ਨ ਨੇ ਇਹ ਵੀ ਪੁੱਛਿਆ ਸੀ ਕਿ ‘ਅਕਾਲੀ’ ਸ਼ਬਦ ਦਾ ਕੋਈ ਧਾਰਮਿਕ ਅਰਥ ਜਾਂ ਸਬੰਧ ਤਾਂ ਨਹੀਂ, ਜਿਸ ’ਤੇ ਪਾਰਟੀ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ‘ਅਕਾਲੀ’ ਸ਼ਬਦ ‘ਅਕਾਲ’ ਤੋਂ ਬਣਿਆ ਹੈ, ਜਿਸਦਾ ਅਰਥ ‘ਸਦੀਵੀ’ ਜਾਂ ‘ਕਾਲ ਤੋਂ ਪਰੇ’ ਹੈ।ਪਾਰਟੀ ਦਾ ਕਹਿਣਾ ਹੈ ਕਿ ਇਸ ਸਪਸ਼ਟੀਕਰਨ ਤੋਂ ਬਾਅਦ ਚੋਣ ਕਮਿਸ਼ਨ ਇਸ ਜਵਾਬ ਤੋਂ ਸੰਤੁਸ਼ਟ ਨਜ਼ਰ ਆਇਆ ਸੀ।ਇਸ ਦੇ ਬਾਵਜੂਦ ਪਾਰਟੀ ਨੂੰ ਹਾਲੇ ਤੱਕ ਰਸਮੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਨਹੀਂ ਮਿਲਿਆ।ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕੁਝ ਮਹੀਨੇ ਹੀ ਬਾਕੀ ਰਹਿ ਜਾਣ ਕਾਰਨ ਅਕਾਲੀ ਦਲ ਨਾਲ ਜੁੜੇ ਨਵੇਂ ਸਿਆਸੀ ਧੜਿਆਂ ਦੀਆਂ ਸਰਗਰਮੀਆਂ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।