ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਨਵੀਂ ਐਸਓਪੀ ਜਾਰੀ
ਚੰਡੀਗੜ੍ਹ-ਪੰਜਾਬ ਪੁਲਿਸ ਦੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਟਕਾ ਸਾਹਿਬ ਅਤੇ ਹੋਰ ਗੁਰਬਾਣੀ ਸਬੰਧੀ ਪ੍ਰਕਾਸ਼ਨਾਂ ਨਾਲ ਜੁੜੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਵਿਸਥਾਰਪੂਰਕ ਐਸਓਪੀ (ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਜਾਰੀ ਕੀਤੀ ਗਈ ਹੈ। ਇਹ ਦਿਸ਼ਾ-ਨਿਰਦੇਸ਼ ਬਾਈਬਲ, ਕੁਰਾਨ ਅਤੇ ਭਗਵਦ ਗੀਤਾ ਵਰਗੀਆਂ ਹੋਰ ਧਾਰਮਿਕ ਪੁਸਤਕਾਂ ‘ਤੇ ਵੀ ਲਾਗੂ ਹੋਣਗੇ।ਇਹ ਐਸਓਪੀ ਐਲ ਕੇ ਯਾਦਵ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਹੈ, ਜਿਸ ਵਿੱਚ ਜਾਂਚ ਨੂੰ “ਸੱਚਾਈ ਦੀ ਪੂਰੀ ਪੜਤਾਲ” ਕਰਾਰ ਦਿੰਦਿਆਂ ਕਾਨੂੰਨੀ ਪ੍ਰਕਿਰਿਆ, ਫੋਰੈਂਸਿਕ ਜਾਂਚ, ਸਬੂਤਾਂ ਦੀ ਸੰਭਾਲ ਅਤੇ ਧਾਰਮਿਕ ਸੰਵੇਦਨਸ਼ੀਲਤਾ ਵਿੱਚ ਸੰਤੁਲਨ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ ਹੈ।
ਐਸਓਪੀ ਅਨੁਸਾਰ ਜਾਂਚ ਅਧਿਕਾਰੀ ਅਤੇ ਥਾਣਾ ਮੁਖੀ ਨੂੰ ਘਟਨਾ ਸਥਾਨ ‘ਤੇ ਤੁਰੰਤ ਪਹੁੰਚਣਾ, ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਅਤੇ ਲੋੜ ਅਨੁਸਾਰ ਐਫਆਈਆਰ ਦਰਜ ਕਰਨੀ ਲਾਜ਼ਮੀ ਹੋਵੇਗੀ। ਸਬੂਤਾਂ ਦੀ ਰੱਖਿਆ ਲਈ ਮੌਕੇ ਨੂੰ ਡਬਲ ਸੁਰੱਖਿਆ ਘੇਰੇ ਵਿੱਚ ਲਿਆ ਜਾਵੇਗਾ ਅਤੇ ਫੋਰੈਂਸਿਕ ਟੀਮਾਂ ਨੂੰ ਤੁਰੰਤ ਬੁਲਾਇਆ ਜਾਵੇਗਾ।ਹਰ ਮੌਕੇ ਦੀ ਉੱਚ ਗੁਣਵੱਤਾ ਵਾਲੀ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਸੀਸੀਟੀਵੀ ਫੁਟੇਜ, ਕਾਲ ਡੀਟੇਲ ਰਿਕਾਰਡ ਅਤੇ ਡਿਜ਼ੀਟਲ ਸਬੂਤ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪੂਰੀ ਸਤਿਕਾਰ ਨਾਲ ਅਤੇ ਅਧਿਕਾਰਤ ਧਾਰਮਿਕ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਹੀ ਸੰਭਾਲਣ ਦੀ ਹਦਾਇਤ ਕੀਤੀ ਗਈ ਹੈ।ਬੇਅਦਬੀ ਹੋਈ ਵਸਤੂਆਂ ਨੂੰ ਪੂਰੀ ਸ਼ਰਧਾ ਨਾਲ ਸੰਭਾਲ ਕੇ ਧਾਰਮਿਕ ਪ੍ਰਤੀਨਿਧੀਆਂ ਨੂੰ ਸਪੁਰਦ ਕੀਤਾ ਜਾਵੇਗਾ ਅਤੇ ਅੰਤਿਮ ਸੰਸਕਾਰ ਧਾਰਮਿਕ ਰੀਤਾਂ ਅਨੁਸਾਰ ਕੀਤੇ ਜਾਣਗੇ, ਜਿਸ ਦੀ ਪੂਰੀ ਡਾਕੂਮੈਂਟੇਸ਼ਨ ਕੀਤੀ ਜਾਵੇਗੀ।
ਐਸਓਪੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਧਿਕਾਰੀ ਇਹ ਪਤਾ ਲਗਾਉਣ ਕਿ ਘਟਨਾ ਦੁਰਘਟਨਾ, ਲਾਪਰਵਾਹੀ, ਮਾਨਸਿਕ ਹਾਲਤ ਜਾਂ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ। ਸੋਸ਼ਲ ਮੀਡੀਆ ਗਤੀਵਿਧੀਆਂ, ਵਿੱਤੀ ਲੈਣ-ਦੇਣ ਅਤੇ ਹੋਰ ਸੰਭਾਵਿਤ ਕਾਰਨਾਂ ਦੀ ਵੀ ਜਾਂਚ ਕੀਤੀ ਜਾਵੇਗੀ।ਸਾਰੇ ਕੇਸਾਂ ਦੀ ਨਿਗਰਾਨੀ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਵੱਲੋਂ ਖੁਦ ਕੀਤੀ ਜਾਵੇਗੀ ਅਤੇ ਸਮੇਂ-ਸਿਰ ਚਾਰਜਸ਼ੀਟ ਪੇਸ਼ ਕਰਨ ਦੇ ਨਿਰਦੇਸ਼ ਹਨ। ਗਵਾਹਾਂ ਦੀ ਸੁਰੱਖਿਆ ਲਈ ਪੰਜਾਬ ਵਿਟਨੈੱਸ ਪ੍ਰੋਟੈਕਸ਼ਨ ਸਕੀਮ 2025 ਨੂੰ ਵੀ ਲਾਗੂ ਕੀਤਾ ਜਾਵੇਗਾ।ਐਸਓਪੀ ਦੇ ਨਾਲ ਇੱਕ ਐਡੈਂਡਮ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮਾਮਲਿਆਂ ਦੀ ਤੇਜ਼ ਜਾਂਚ, ਡਿਜ਼ੀਟਲ ਸਬੂਤਾਂ ਦੀ ਪ੍ਰਮਾਣਿਕਤਾ ਅਤੇ ਅਦਾਲਤੀ ਕਾਰਵਾਈ ਨੂੰ ਤੇਜ਼ ਕਰਨ ਲਈ ਹੋਰ ਦਿਸ਼ਾ-ਨਿਰਦੇਸ਼ ਸ਼ਾਮਲ ਕੀਤੇ ਗਏ ਹਨ।ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਨਵੀਂ ਪ੍ਰਕਿਰਿਆ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਹੋਰ ਮਜ਼ਬੂਤ ਅਤੇ ਅਦਾਲਤ ਲਈ ਤਿਆਰ ਬਣਾਏਗੀ।
















