ਯੂਕੇ: ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ 20 ਸਾਲ ਦੀ ਕੈਦ
ਲੰਡਨ-ਉੱਤਰ-ਪੱਛਮੀ ਇੰਗਲੈਂਡ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਨਸ਼ਾ ਅਤੇ ਹਥਿਆਰ ਤਸਕਰ ਨੂੰ ਗੰਭੀਰ ਅਪਰਾਧਾਂ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਧਿਕਾਰੀਆਂ ਅਨੁਸਾਰ 47 ਸਾਲਾ ਨਾਗੇਂਦਰ ਗਿੱਲ ਨੇ ਕਾਰਲ ਇਆਨ ਜੋਨਸ (59) ਅਤੇ ਹਾਰਲੇ ਵਾਈਜ਼ (29) ਨਾਲ ਮਿਲ ਕੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸਾਜ਼ਿਸ਼ ਰਚੀ। ਇਸ ਸਾਜ਼ਿਸ਼ ਦੌਰਾਨ ਤਿੰਨਾਂ ਨੇ ਐਨਕ੍ਰਿਪਟਡ ਸੰਚਾਰ ਪਲੇਟਫਾਰਮ ‘ਐਨਕਰੋਚੈਟ’ ’ਤੇ “ਇੰਡੀਅਨਓਸ਼ਨ” ਨਾਮ ਦੀ ਵਰਤੋਂ ਕੀਤੀ।
ਵੀਰਵਾਰ ਨੂੰ ਬੋਲਟਨ ਕਰਾਊਨ ਕੋਰਟ ਨੇ ਕਾਰਲ ਇਆਨ ਜੋਨਸ ਨੂੰ 30 ਸਾਲ ਅਤੇ ਹਾਰਲੇ ਵਾਈਜ਼ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜੋਨਸ, ਵਾਈਜ਼ ਅਤੇ ਗਿੱਲ ਫੌਜੀ ਦਰਜੇ ਦੇ ਹਥਿਆਰਾਂ ਦੇ ਵਪਾਰ ਲਈ ਐਨਕਰੋਚੈਟ ਰਾਹੀਂ ਆਪਸੀ ਸੰਪਰਕ ਵਿੱਚ ਸਨ।
ਐਨਸੀਏ ਦੇ ਸ਼ਾਖਾ ਮੁਖੀ ਜੌਨ ਹਿਊਜ਼ ਨੇ ਕਿਹਾ ਕਿ ਇਹ ਵਿਅਕਤੀ ਬਹੁਤ ਹੀ ਖਤਰਨਾਕ ਅਪਰਾਧੀ ਸਨ ਅਤੇ ਉਨ੍ਹਾਂ ਦੀ ਕੈਦ ਨਾਲ ਸਮਾਜ ਹੋਰ ਸੁਰੱਖਿਅਤ ਬਣਿਆ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਜੁੜੇ ਅਪਰਾਧ ਅਕਸਰ ਇਕ-ਦੂਜੇ ਨਾਲ ਗਹਿਰੇ ਤੌਰ ’ਤੇ ਜੁੜੇ ਹੁੰਦੇ ਹਨ, ਜਿਸ ਕਾਰਨ ਨਿਰਦੋਸ਼ ਲੋਕ ਵੀ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਐਨਸੀਏ ਦੇਸ਼ ਅਤੇ ਵਿਦੇਸ਼ ਵਿੱਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਜਨਤਾ ਦੀ ਸੁਰੱਖਿਆ ਲਈ ਅਜਿਹੇ ਸੰਗਠਿਤ ਅਪਰਾਧ ਸਮੂਹਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੇਗੀ।
ਦੱਸਣਯੋਗ ਹੈ ਕਿ ਐਨਕਰੋਚੈਟ ਪਲੇਟਫਾਰਮ ਨੂੰ 2020 ਵਿੱਚ “ਓਪਰੇਸ਼ਨ ਵੇਨੇਟਿਕ” ਤਹਿਤ ਬੰਦ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਇਹ ਖੁਲਾਸਾ ਹੋਇਆ ਕਿ ਇਸਦੀ ਵਰਤੋਂ ਖਤਰਨਾਕ ਅਪਰਾਧੀਆਂ ਵੱਲੋਂ ਕੀਤੀ ਜਾ ਰਹੀ ਸੀ।
ਅਦਾਲਤ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਾਰਲ ਇਆਨ ਜੋਨਸ ਨੇ 50 ਗੋਲੀਆਂ ਨਾਲ ਲੈਸ 7.62 ਮਿਲੀਮੀਟਰ ਦੀ AR-15 ਅਸਾਲਟ ਰਾਈਫਲ ਖਰੀਦਣ ਲਈ ਹੋਰ ਅਪਰਾਧੀਆਂ ਨਾਲ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
















