ਅਮਰੀਕਾ–ਇਰਾਨ ਤਣਾਅ: ਟਰੰਪ ਦੀ ਚੇਤਾਵਨੀ, ਸਮਝੌਤਾ ਨਾ ਹੋਇਆ ਤਾਂ ਦੁਬਾਰਾ ਹਮਲੇ ਸੰਭਵ
ਵਾਸ਼ਿੰਗਟਨ/ਮੱਧ ਪੂਰਬ-ਅਮਰੀਕਾ ਅਤੇ ਇਰਾਨ ਦਰਮਿਆਨ ਵਧਦੇ ਤਣਾਅ ਦੇ ਮਾਹੌਲ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨਾਲ ਕੋਈ ਲੰਬੇ ਸਮੇਂ ਦਾ ਸਮਝੌਤਾ ਨਹੀਂ ਹੁੰਦਾ, ਤਾਂ ਅਮਰੀਕਾ ਮੁੜ ਹਮਲੇ ਸ਼ੁਰੂ ਕਰ ਸਕਦਾ ਹੈ।ਤਾਜ਼ਾ ਘਟਨਾਕ੍ਰਮ ਵਿੱਚ ਇਰਾਨ ਵੱਲੋਂ ਹੋਰਮੁਜ਼ ਜਲਡੰਡੀ ਨੂੰ ਵਪਾਰਕ ਜਹਾਜ਼ਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵਿਸ਼ਵ ਭਰ ਦੇ ਤੇਲ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬ੍ਰੈਂਟ ਕ੍ਰੂਡ ਦੀ ਕੀਮਤ ਵਿੱਚ 10 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ।
ਇਸੇ ਦੌਰਾਨ ਲੈਬਨਾਨ ਵਿੱਚ 10 ਦਿਨਾਂ ਦੀ ਫਾਇਰਬੰਦੀ ਲਾਗੂ ਹੋਣ ਨਾਲ ਕੁਝ ਹੱਦ ਤੱਕ ਸ਼ਾਂਤੀ ਬਣੀ ਹੈ, ਪਰ ਹਾਲਾਤ ਅਜੇ ਵੀ ਨਾਜ਼ੁਕ ਮੰਨੇ ਜਾ ਰਹੇ ਹਨ। ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਨੇ ਖੇਤਰ ਵਿੱਚ ਭਾਰੀ ਤਬਾਹੀ ਛੱਡੀ ਹੈ।ਟਰੰਪ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਕੋਈ ਢੁੱਕਵਾਂ ਸਮਝੌਤਾ ਨਹੀਂ ਹੁੰਦਾ, ਤਾਂ ਫਾਇਰਬੰਦੀ ਨੂੰ ਵਧਾਇਆ ਨਹੀਂ ਜਾਵੇਗਾ ਅਤੇ ਅਮਰੀਕਾ ਆਪਣੀ ਕਾਰਵਾਈ ਜਾਰੀ ਰੱਖ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਰਾਨ ਦੇ ਬੰਦਰਗਾਹਾਂ ਉੱਤੇ ਲੱਗੀ ਨਾਕਾਬੰਦੀ ਜਾਰੀ ਰਹੇਗੀ।
ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਹੋਰਮੁਜ਼ ਜਲਡੰਡੀ ਦੇ ਖੁਲ੍ਹਣ ਦਾ ਸਵਾਗਤ ਕੀਤਾ ਹੈ ਅਤੇ ਖੇਤਰ ਵਿੱਚ ਸਥਿਰਤਾ ਲਈ ਕੂਟਨੀਤਿਕ ਯਤਨਾਂ ‘ਤੇ ਜ਼ੋਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਜੰਗ ਦੇ ਦੌਰਾਨ ਵਿਸ਼ਵ ਪੱਧਰ ‘ਤੇ ਤੇਲ ਸਪਲਾਈ ਅਤੇ ਵਪਾਰ ‘ਤੇ ਵੱਡਾ ਅਸਰ ਪਿਆ ਸੀ। ਹੁਣ ਜਲਡੰਡੀ ਦੇ ਖੁਲ੍ਹਣ ਨਾਲ ਅਰਥਵਿਵਸਥਾ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ, ਹਾਲਾਂਕਿ ਮਾਹਿਰਾਂ ਦੇ ਅਨੁਸਾਰ ਪੂਰੀ ਤਰ੍ਹਾਂ ਹਾਲਾਤ ਸਧਾਰਨ ਹੋਣ ਵਿੱਚ ਸਮਾਂ ਲੱਗ ਸਕਦਾ ਹੈ।ਇਸ ਸਾਰੇ ਮਾਮਲੇ ਵਿੱਚ ਤਿੰਨ ਮੁੱਖ ਮੁੱਦੇ ਹਾਲੇ ਵੀ ਅਟਕੇ ਹੋਏ ਹਨ — ਇਰਾਨ ਦਾ ਪਰਮਾਣੂ ਪ੍ਰੋਗਰਾਮ, ਖਾੜੀ ਵਿੱਚ ਜਹਾਜ਼ੀ ਆਵਾਜਾਈ ਅਤੇ ਜੰਗ ਨਾਲ ਜੁੜੀਆਂ ਭਰਪਾਈਆਂ। ਇਨ੍ਹਾਂ ‘ਤੇ ਹੀ ਆਗਾਮੀ ਵਾਰਤਾਵਾਂ ਦਾ ਨਤੀਜਾ ਨਿਰਭਰ ਕਰੇਗਾ।
















