ਵੈਨੇਜ਼ੁਏਲਾ ਤੋਂ ਗ੍ਰੀਨਲੈਂਡ ਤੱਕ: ਵਿਸ਼ਵ ਆਰਥਿਕ ਫੋਰਮ ’ਚ ਡੋਨਾਲਡ ਟਰੰਪ ਦੇ ਭਾਸ਼ਣ ਦੇ ਮੁੱਖ ਅੰਸ਼
ਦਾਵੋਸ (ਸਵਿਟਜ਼ਰਲੈਂਡ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਰਪ, ਗ੍ਰੀਨਲੈਂਡ, ਕੈਨੇਡਾ ਅਤੇ ਅਮਰੀਕੀ ਅਰਥਵਿਵਸਥਾ ਸਬੰਧੀ ਕਈ ਅਹਿਮ ਅਤੇ ਤਿੱਖੇ ਬਿਆਨ ਦਿੱਤੇ। ਆਪਣੇ ਭਾਸ਼ਣ ਦੌਰਾਨ ਟਰੰਪ ਨੇ ਯੂਰਪੀ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਦਿਆਂ ਕਿਹਾ ਕਿ ਯੂਰਪ ਗਲਤ ਦਿਸ਼ਾ ਵੱਲ ਵੱਧ ਰਿਹਾ ਹੈ।
ਯੂਰਪ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ, “ਮੈਂ ਯੂਰਪ ਨੂੰ ਪਿਆਰ ਕਰਦਾ ਹਾਂ ਅਤੇ ਇਸਨੂੰ ਚੰਗਾ ਹੁੰਦਾ ਦੇਖਣਾ ਚਾਹੁੰਦਾ ਹਾਂ, ਪਰ ਮੌਜੂਦਾ ਸਮੇਂ ਵਿੱਚ ਇਹ ਸਹੀ ਰਸਤੇ ’ਤੇ ਨਹੀਂ ਹੈ।” ਉਨ੍ਹਾਂ ਦਲੀਲ ਦਿੱਤੀ ਕਿ ਪੌਣ-ਊਰਜਾ, ਇਮੀਗ੍ਰੇਸ਼ਨ ਅਤੇ ਵਪਾਰ ਵਰਗੀਆਂ ਨੀਤੀਆਂ ਕਾਰਨ ਕਈ ਯੂਰਪੀ ਦੇਸ਼ ਆਪਣੀ ਪਛਾਣ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤਾਂ ਹੁਣ ਪਛਾਣਨਯੋਗ ਵੀ ਨਹੀਂ ਰਹੀਆਂ।
ਟਰੰਪ ਨੇ ਅਮਰੀਕੀ ਅਰਥਵਿਵਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਆਰਥਿਕ ਇੰਜਣ ਹੈ। ਉਨ੍ਹਾਂ ਆਪਣੀ ਟੈਰਿਫ ਨੀਤੀ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਨੀਤੀਆਂ ਕਾਰਨ ਦੇਸ਼ ਵਿੱਚ ਆਰਥਿਕ ਮਜ਼ਬੂਤੀ ਆਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉੱਚ ਮਹਿੰਗਾਈ ਵਿਰਾਸਤ ਵਿੱਚ ਮਿਲੀ ਸੀ, ਜਿਸ ’ਤੇ ਹੁਣ ਕਾਬੂ ਪਾ ਲਿਆ ਗਿਆ ਹੈ।
ਗ੍ਰੀਨਲੈਂਡ ਮਾਮਲੇ ’ਤੇ ਟਰੰਪ ਨੇ ਇੱਕ ਵਾਰ ਫਿਰ ਆਪਣਾ ਸਖ਼ਤ ਰੁਖ਼ ਦੁਹਰਾਉਂਦਿਆਂ ਕਿਹਾ ਕਿ ਗ੍ਰੀਨਲੈਂਡ ਅੰਤਰਰਾਸ਼ਟਰੀ ਅਤੇ ਰਣਨੀਤਕ ਸੁਰੱਖਿਆ ਲਈ ਬਹੁਤ ਅਹਿਮ ਹੈ ਅਤੇ ਇਸ ਦੀ ਰੱਖਿਆ ਕਰਨ ਦੇ ਯੋਗ ਸਿਰਫ਼ ਸੰਯੁਕਤ ਰਾਜ ਅਮਰੀਕਾ ਹੈ। ਉਨ੍ਹਾਂ ਡੈਨਮਾਰਕ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਨਾ ਤਾਂ ਆਪਣੀ ਅਤੇ ਨਾ ਹੀ ਗ੍ਰੀਨਲੈਂਡ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਹੈ। ਹਾਲਾਂਕਿ ਟਰੰਪ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਗ੍ਰੀਨਲੈਂਡ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ।
ਕੈਨੇਡਾ ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਕਈ ਮਾਮਲਿਆਂ ਵਿੱਚ ਸੰਯੁਕਤ ਰਾਜ ਅਮਰੀਕਾ ’ਤੇ ਨਿਰਭਰ ਹੈ।
ਟਰੰਪ ਦੇ ਇਸ ਭਾਸ਼ਣ ਨੇ ਵਿਸ਼ਵ ਆਰਥਿਕ ਫੋਰਮ ਵਿੱਚ ਸ਼ਾਮਿਲ ਵਿਸ਼ਵ ਨੇਤਾਵਾਂ ਅਤੇ ਵਿਸ਼ਲੇਸ਼ਕਾਂ ਵਿੱਚ ਕਾਫ਼ੀ ਚਰਚਾ ਛੇੜ ਦਿੱਤੀ ਹੈ।
















