ਐਡਮੰਟਨ ਦੇ ਮੇਅਰ ਵੱਲੋਂ ਸ਼ਹਿਰੀ ਕਰਮਚਾਰੀਆਂ ਨਾਲ ਪਰੇਸ਼ਾਨੀ ਤੇ ਧਮਕੀਆਂ ਖ਼ਿਲਾਫ਼ ਅਪੀਲ

ਐਡਮੰਟਨ ਦੇ ਮੇਅਰ ਵੱਲੋਂ ਸ਼ਹਿਰੀ ਕਰਮਚਾਰੀਆਂ ਨਾਲ ਪਰੇਸ਼ਾਨੀ ਤੇ ਧਮਕੀਆਂ ਖ਼ਿਲਾਫ਼ ਅਪੀਲ

ਐਡਮੰਟਨ-ਐਡਮੰਟਨ ਦੇ ਮੇਅਰ ਐਂਡਰਿਊ ਨੈਕ ਨੇ ਸ਼ਹਿਰ ਦੇ ਕਰਮਚਾਰੀਆਂ ਨਾਲ ਹੋ ਰਹੀ ਕਥਿਤ ਪਰੇਸ਼ਾਨੀ ਅਤੇ ਧਮਕੀਆਂ ਖ਼ਿਲਾਫ਼ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਿਹਾਰ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਰਫ਼ ਹਟਾਉਣ ਵਾਲੇ ਕਰਮਚਾਰੀਆਂ, 311 ਸੇਵਾ ਆਪਰੇਟਰਾਂ ਅਤੇ ਚੁਣੇ ਹੋਏ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਬੁੱਧਵਾਰ ਨੂੰ ਜਨਤਾ ਦੇ ਨਾਂ ਲਿਖੀ ਚਿੱਠੀ ਵਿੱਚ ਮੇਅਰ ਨੈਕ ਨੇ ਦੱਸਿਆ ਕਿ ਹਾਲੀਆ ਹਫ਼ਤਿਆਂ ਦੌਰਾਨ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਸਿਟੀ ਕਰਮਚਾਰੀਆਂ ਨੂੰ ਨਾ ਸਿਰਫ਼ ਧਮਕੀਆਂ ਮਿਲੀਆਂ, ਸਗੋਂ ਕੁਝ ਮਾਮਲਿਆਂ ਵਿੱਚ ਉਨ੍ਹਾਂ ’ਤੇ ਵਾਹਨਾਂ ਅੰਦਰ ਬੈਠਿਆਂ ਬੇਲਚੇ ਵੀ ਸੁੱਟੇ ਗਏ।

ਨੈਕ ਨੇ ਕਿਹਾ ਕਿ ਇਹ ਪਰੇਸ਼ਾਨੀ ਖ਼ਾਸ ਤੌਰ ’ਤੇ ਔਰਤਾਂ, ਨਸਲੀ ਸਮੂਹਾਂ ਅਤੇ 2SLGBTQIA+ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਸਾਥੀਆਂ ਨੂੰ ਸਿਰਫ਼ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੇ ਪਿਛਲੇ 12 ਸਾਲਾਂ ਦੇ ਕਾਰਜਕਾਲ ਤੋਂ ਵੀ ਵੱਧ ਨਫ਼ਰਤ ਭਰੀਆਂ ਟਿੱਪਣੀਆਂ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮੇਅਰ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਉਨ੍ਹਾਂ ਦੇ ਪਰਿਵਾਰਕ ਜੀਵਨ ਅਤੇ ਸਮੁੱਚੇ ਭਾਈਚਾਰੇ ਲਈ ਵੀ ਖ਼ਤਰਾ ਬਣ ਰਹੀਆਂ ਹਨ।

ਉਨ੍ਹਾਂ ਕਿਹਾ, “ਇਹ ਸਿਰਫ਼ ਅਸਹਿਮਤੀ ਜਾਂ ਭਾਵੁਕ ਰਾਜਨੀਤਿਕ ਬਹਿਸ ਨਹੀਂ ਹੈ, ਸਗੋਂ ਕੁਝ ਖ਼ਾਸ ਆਵਾਜ਼ਾਂ ਨੂੰ ਚੁੱਪ ਕਰਾਉਣ ਅਤੇ ਉਨ੍ਹਾਂ ਨੂੰ ਲੋਕਤੰਤਰਕ ਪ੍ਰਕਿਰਿਆ ਤੋਂ ਬਾਹਰ ਧੱਕਣ ਦੀ ਜਾਣਬੁੱਝ ਕੇ ਕੋਸ਼ਿਸ਼ ਹੈ।”

ਨੈਕ ਨੇ ਇੱਕ ਅਧਿਐਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੈਨੇਡਾ ਭਰ ਵਿੱਚ 63 ਫ਼ੀਸਦੀ ਸਥਾਨਕ ਸਿਆਸਤਦਾਨਾਂ ਨੇ ਆਪਣੇ ਕਾਰਜਕਾਲ ਜਾਂ ਚੋਣ ਮੁਹਿੰਮ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਅਨੁਭਵ ਕੀਤਾ ਹੈ। ਉਨ੍ਹਾਂ ਮੁਤਾਬਕ, ਇਸ ਕਾਰਨ ਜਨਤਕ ਸੰਵਾਦ ਦੀ ਗੁਣਵੱਤਾ ਘਟਦੀ ਹੈ ਅਤੇ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਨੂੰ ਜਨਤਕ ਸੇਵਾ ਵਿੱਚ ਸ਼ਾਮਿਲ ਹੋਣ ਤੋਂ ਹੌਂਸਲਾ ਟੁੱਟਦਾ ਹੈ।

ਮੇਅਰ ਨੇ ਜ਼ੋਰ ਦੇ ਕੇ ਕਿਹਾ ਕਿ ਪਰੇਸ਼ਾਨੀ ਅਤੇ ਦੁਰਵਿਵਹਾਰ ਕਿਸੇ ਵੀ ਹਾਲਤ ਵਿੱਚ ਕਬੂਲਯੋਗ ਨਹੀਂ ਹਨ ਅਤੇ ਐਡਮੰਟਨ ਵਾਸੀ ਨਿੱਜੀ ਹਮਲਿਆਂ, ਧਮਕੀਆਂ ਜਾਂ ਘਟੀਆ ਭਾਸ਼ਾ ਦੀ ਵਰਤੋਂ ਤੋਂ ਬਿਨਾਂ ਵੀ ਆਪਣੀ ਆਲੋਚਨਾ ਦਰਜ ਕਰਵਾ ਸਕਦੇ ਹਨ।

ਉਨ੍ਹਾਂ ਅੰਤ ਵਿੱਚ ਕਿਹਾ, “ਸਾਨੂੰ ਇੱਕ ਦੂਜੇ ਵਿੱਚ ਸਾਂਝੀ ਮਨੁੱਖਤਾ ਨੂੰ ਪਛਾਣਦੇ ਹੋਏ ਸ਼ਿਸ਼ਟਾਚਾਰ, ਦਿਆਲਤਾ ਅਤੇ ਸੋਚ-ਸਮਝ ਕੇ ਕੀਤੀ ਜਾਣ ਵਾਲੀ ਬਹਿਸ ਨੂੰ ਅਪਣਾਉਣਾ ਚਾਹੀਦਾ ਹੈ। ਹਰ ਆਵਾਜ਼ ਸੁਣੇ ਜਾਣ ਦੀ ਹੱਕਦਾਰ ਹੈ ਅਤੇ ਹਰ ਉਹ ਵਿਅਕਤੀ ਜੋ ਜਨਤਕ ਸੇਵਾ ਲਈ ਅੱਗੇ ਆਉਂਦਾ ਹੈ, ਉਸਨੂੰ ਡਰ ਜਾਂ ਧਮਕੀ ਤੋਂ ਬਿਨਾਂ ਕੰਮ ਕਰਨ ਦਾ ਹੱਕ ਹੈ।”