ਗਰੀਨਲੈਂਡ: ਆਪਣੀ ਹੋਂਦ ਲਈ ਝੂਜਦਾ ਹੋਇਆ ਟਾਪੂ
ਗਲੋਬਲ ਤਾਕਤਾਂ, ਜਲਵਾਯੂ ਤਬਦੀਲੀ ਅਤੇ ਤੀਜੇ ਵਿਸ਼ਵ ਯੁੱਧ ਦੇ ਸਾਏ ਹੇਠ
ਡਿਜਿਟਲ ਅਤੇ ਗਲੋਬਲ ਯੁਗ ਵਿੱਚ ਦੁਨੀਆ ਦੇ ਨਕਸ਼ੇ ਸਿਰਫ ਸਰਹੱਦਾਂ ਨਾਲ ਨਹੀਂ, ਸਗੋਂ ਤਾਕਤ, ਸਰੋਤਾਂ ਅਤੇ ਰਣਨੀਤਿਕ ਮਹੱਤਤਾ ਨਾਲ ਬਣਦੇ ਹਨ। ਅਜੋਕੇ ਸੰਸਾਰ ਵਿੱਚ ਜਿੱਥੇ ਲਗਭਗ 195 ਦੇਸ਼ ਵੱਖ-ਵੱਖ ਰੀਤੀ-ਰਿਵਾਜ਼ਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਆਪਣੀ ਪਛਾਣ ਬਣਾਈ ਬੈਠੇ ਹਨ, ਉੱਥੇ ਕੁਝ ਇਲਾਕੇ ਅਜਿਹੇ ਵੀ ਹਨ ਜੋ ਆਪਣੇ ਛੋਟੇ ਜਿਹੇ ਆਕਾਰ ਜਾਂ ਘੱਟ ਅਬਾਦੀ ਦੇ ਬਾਵਜੂਦ ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਆ ਖੜ੍ਹਦੇ ਹਨ। ਗਰੀਨਲੈਂਡ ਅਜਿਹਾ ਹੀ ਇੱਕ ਨਾਮ ਹੈ - ਧਰਤੀ ਦਾ ਸਭ ਤੋਂ ਵੱਡਾ ਟਾਪੂ, ਪਰ ਆਪਣੇ ਭਵਿੱਖ ਬਾਰੇ ਅਜੇ ਵੀ ਅਸਪਸ਼ਟ।
ਗਰੀਨਲੈਂਡ: ਭੂਗੋਲ ਤੋਂ ਰਾਜਨੀਤੀ ਤਕ
ਗਰੀਨਲੈਂਡ ਉੱਤਰੀ ਅਮਰੀਕਾ ਮਹਾਂਦੀਪ ਵਿੱਚ ਸਥਿਤ ਹੈ ਪਰ ਇਤਿਹਾਸਕ, ਰਾਜਨੀਤਿਕ ਅਤੇ ਪ੍ਰਸ਼ਾਸਕੀ ਤੌਰ ’ਤੇ ਇਹ ਯੂਰਪ, ਖ਼ਾਸ ਕਰਕੇ ਡੈਨਮਾਰਕ ਨਾਲ ਜੁੜਿਆ ਹੋਇਆ ਹੈ। ਲਗਭਗ 85 ਫੀਸਦੀ ਖੇਤਰ ਸਾਲ ਭਰ ਬਰਫ ਨਾਲ ਢਕਿਆ ਰਹਿੰਦਾ ਹੈ। ਇੱਥੇ ਦੀ ਅਬਾਦੀ ਕਰੀਬ 56 ਤੋਂ 57 ਹਜ਼ਾਰ ਦੇ ਵਿਚਕਾਰ ਹੈ, ਜੋ ਮੁੱਖ ਤੌਰ ’ਤੇ ਇਨੂਇਟ ਮੂਲ ਦੇ ਲੋਕ ਹਨ। ਗਰੀਨਲੈਂਡਿਕ, ਡੈਨਿਸ਼ ਅਤੇ ਅੰਗਰੇਜ਼ੀ ਇੱਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਹਨ।
2009 ਵਿੱਚ ਗਰੀਨਲੈਂਡ ਨੂੰ ਡੈਨਮਾਰਕ ਦੇ ਅਧੀਨ ਸਵੈਸ਼ਾਸਨ ਮਿਲਿਆ, ਜਿਸ ਨਾਲ ਇਸ ਨੂੰ ਅੰਦਰੂਨੀ ਮਾਮਲਿਆਂ ਵਿੱਚ ਕਾਫ਼ੀ ਹੱਦ ਤਕ ਖੁਦਮੁਖ਼ਤਿਆਰੀ ਪ੍ਰਾਪਤ ਹੋਈ। ਪਰ ਵਿਦੇਸ਼ ਨੀਤੀ, ਰੱਖਿਆ ਅਤੇ ਮੁੱਖ ਆਰਥਿਕ ਸਹਾਇਤਾ ਅਜੇ ਵੀ ਡੈਨਮਾਰਕ ਦੇ ਹੱਥਾਂ ਵਿੱਚ ਹੈ। ਇਹੀ ਅਧੂਰੀ ਖੁਦਮੁਖ਼ਤਿਆਰੀ ਅੱਜ ਗਰੀਨਲੈਂਡ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ।
ਕੁਦਰਤੀ ਸਰੋਤ: ਵਰਦਾਨ ਜਾਂ ਅਭਿਸ਼ਾਪ?
ਗਰੀਨਲੈਂਡ ਦੀ ਧਰਤੀ ਹੇਠਾਂ ਸੋਨਾ, ਚਾਂਦੀ, ਪਲੈਟੀਨਮ, ਲਿਥੀਅਮ, ਟਾਈਟੇਨੀਅਮ, ਯੂਰੇਨੀਅਮ ਅਤੇ ਰੇਅਰ ਅਰਥ ਐਲੀਮੈਂਟਸ ਵਰਗੇ ਮਹਿੰਗੇ ਖਣਿਜ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਇਸ ਤੋਂ ਇਲਾਵਾ ਤੇਲ ਅਤੇ ਗੈਸ ਦੇ ਭੰਡਾਰ ਹੋਣ ਦੀ ਸੰਭਾਵਨਾ ਵੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ, ਹਾਲਾਂਕਿ ਅਜੇ ਤਕ ਵੱਡੀ ਪੱਧਰੀ ਖੋਜ ਨਹੀਂ ਹੋਈ।
ਇਹੀ ਸਰੋਤ ਗਰੀਨਲੈਂਡ ਨੂੰ ਵਿਸ਼ਵ ਤਾਕਤਾਂ ਦੀ ਨਜ਼ਰ ਵਿੱਚ ਕੀਮਤੀ ਬਣਾਉਂਦੇ ਹਨ। ਅਮਰੀਕਾ, ਰੂਸ ਅਤੇ ਚੀਨ - ਤਿੰਨੇ ਹੀ ਦੇਸ਼ ਗਰੀਨਲੈਂਡ ਨੂੰ ਆਪਣੀ ਭਵਿੱਖੀ ਰਣਨੀਤੀ ਦਾ ਅਹਿਮ ਹਿੱਸਾ ਮੰਨਦੇ ਹਨ। ਆਰਕਟਿਕ ਖੇਤਰ ਵਿੱਚ ਬਰਫ ਦੇ ਪਿਘਲਣ ਨਾਲ ਨਵੇਂ ਸਮੁੰਦਰੀ ਰਸਤੇ ਖੁੱਲ੍ਹ ਰਹੇ ਹਨ, ਜੋ ਵਪਾਰ ਅਤੇ ਫੌਜੀ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਹਨ।
ਅਮਰੀਕਾ ਅਤੇ ਗਰੀਨਲੈਂਡ: ਖਰੀਦ ਤੋਂ ਧਮਕੀ ਤਕ
ਗਰੀਨਲੈਂਡ 2019 ਵਿੱਚ ਵੀ ਵਿਸ਼ਵ ਖ਼ਬਰਾਂ ਵਿੱਚ ਆਇਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਸਨੂੰ ‘ਖਰੀਦਣ’ ਦੀ ਇੱਛਾ ਜਤਾਈ ਸੀ। ਉਸ ਸਮੇਂ ਇਸ ਬਿਆਨ ਨੂੰ ਕਈ ਲੋਕਾਂ ਨੇ ਮਜ਼ਾਕ ਸਮਝਿਆ ਪਰ 2025-2026 ਵਿੱਚ ਇਹ ਮਾਮਲਾ ਮੁੜ ਗੰਭੀਰ ਰੂਪ ਧਾਰ ਗਿਆ। ਟਰੰਪ ਨੇ ਖੁੱਲ੍ਹੇ ਤੌਰ ’ਤੇ ਕਿਹਾ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਗਰੀਨਲੈਂਡ ਬਹੁਤ ਜ਼ਰੂਰੀ ਹੈ ਅਤੇ ਜੇ ਅਮਰੀਕਾ ਨੇ ਕਦਮ ਨਾ ਚੁੱਕਿਆ ਤਾਂ ਚੀਨ ਜਾਂ ਰੂਸ ਇਸ ’ਤੇ ਪ੍ਰਭਾਵ ਕਾਇਮ ਕਰ ਸਕਦੇ ਹਨ।
ਇਸ ਬਿਆਨ ਤੋਂ ਬਾਅਦ ਗਰੀਨਲੈਂਡ ਅਤੇ ਡੈਨਮਾਰਕ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਹੋਏ। ਗਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਨਜ਼-ਫ੍ਰੈਡਰਿਕ ਨਾਇਲਸਨ ਨੇ ਸਾਫ ਕਿਹਾ ਕਿ “ਗਰੀਨਲੈਂਡ ਕੋਈ ਜਾਇਦਾਦ ਨਹੀਂ ਜੋ ਵੇਚੀ ਜਾ ਸਕੇ।” ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਨੇ ਵੀ ਅਮਰੀਕਾ ਨੂੰ ਚਿਤਾਵਣੀ ਦਿੱਤੀ ਕਿ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਾਟੋ, ਯੂਰਪ ਅਤੇ ਸੰਭਾਵਿਤ ਟਕਰਾਅ
ਗਰੀਨਲੈਂਡ ਦਾ ਮਸਲਾ ਸਿਰਫ ਡੈਨਮਾਰਕ ਅਤੇ ਅਮਰੀਕਾ ਤਕ ਸੀਮਿਤ ਨਹੀਂ, ਇਹ ਪੂਰੇ ਨਾਟੋ ਗਠਜੋੜ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹਾ ਕਰਦਾ ਹੈ। ਜੇਕਰ ਅਮਰੀਕਾ, ਜੋ ਨਾਟੋ ਦਾ ਸਭ ਤੋਂ ਤਾਕਤਵਰ ਮੈਂਬਰ ਹੈ, ਡੈਨਮਾਰਕ ਦੇ ਹਿੱਸੇ ਗਰੀਨਲੈਂਡ ’ਤੇ ਜ਼ਬਰਦਸਤੀ ਕਦਮ ਰੱਖਦਾ ਹੈ ਤਾਂ ਨਾਟੋ ਦਾ ਮੁੱਖ ਆਰਟੀਕਲ 5, ਜਿਸ ਅਨੁਸਾਰ ਇੱਕ ਮੈਂਬਰ ’ਤੇ ਹਮਲਾ ਸਾਰੇ ਮੈਂਬਰਾਂ ’ਤੇ ਹਮਲਾ ਮੰਨਿਆ ਜਾਂਦਾ ਹੈ, ਅਰਥਹੀਨ ਹੋ ਜਾਵੇਗਾ।
ਫਰਾਂਸ, ਜਰਮਨੀ ਅਤੇ ਇਟਲੀ ਵਰਗੇ ਯੂਰਪੀ ਦੇਸ਼ ਡੈਨਮਾਰਕ ਦੇ ਹੱਕ ਵਿੱਚ ਖੜ੍ਹੇ ਹੋ ਚੁੱਕੇ ਹਨ। ਯੂਰਪੀ ਯੂਨੀਅਨ ਨੇ ਵੀ ਸਪਸ਼ਟ ਕੀਤਾ ਹੈ ਕਿ ਗਰੀਨਲੈਂਡ ਦੇ ਭਵਿੱਖ ਬਾਰੇ ਫੈਸਲਾ ਉੱਥੋਂ ਦੇ ਲੋਕਾਂ ਦੀ ਮਰਜ਼ੀ ਨਾਲ ਹੀ ਹੋ ਸਕਦਾ ਹੈ। ਯੂਰਪ ਵਿੱਚ ਅਮਰੀਕੀ ਫੌਜੀ ਅੱਡਿਆਂ ਬਾਰੇ ਵੀ ਖੁੱਲ੍ਹੀ ਚਰਚਾ ਸ਼ੁਰੂ ਹੋ ਚੁੱਕੀ ਹੈ, ਜੋ ਨਾਟੋ ਦੇ ਭਵਿੱਖ ਲਈ ਚਿੰਤਾਜਨਕ ਸੰਕੇਤ ਹਨ।
ਜਲਵਾਯੂ ਤਬਦੀਲੀ: ਸਭ ਤੋਂ ਵੱਡਾ ਪਰ ਅਣਦੇਖਿਆ ਖ਼ਤਰਾ
ਰਾਜਨੀਤੀ ਅਤੇ ਤਾਕਤ ਦੀ ਖੇਡ ਤੋਂ ਇਲਾਵਾ, ਗਰੀਨਲੈਂਡ ਇੱਕ ਹੋਰ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਲਵਾਯੂ ਤਬਦੀਲੀ। ਇੱਥੇ ਦੀਆਂ ਬਰਫ਼ੀਲੀ ਚਾਦਰਾਂ ਬੇਹੱਦ ਤੇਜ਼ੀ ਨਾਲ ਪਿਘਲ ਰਹੀਆਂ ਹਨ। ਵਿਗਿਆਨਕ ਅਧਿਐਨਾਂ ਅਨੁਸਾਰ ਗਰੀਨਲੈਂਡ ਦੀ ਬਰਫ ਦੇ ਪਿਘਲਣ ਨਾਲ ਵਿਸ਼ਵ ਸਮੁੰਦਰੀ ਪੱਧਰ ਵਿੱਚ ਖ਼ਤਰਨਾਕ ਵਾਧਾ ਹੋ ਸਕਦਾ ਹੈ, ਜਿਸਦਾ ਪ੍ਰਭਾਵ ਦੂਰ-ਦੂਰ ਦੇ ਸਮੁੰਦਰੀ ਇਲਾਕਿਆਂ ਤਕ ਪਵੇਗਾ।
ਪਰਮਾਫ੍ਰੌਸਟ ਦੇ ਖ਼ਤਮ ਹੋਣ ਨਾਲ ਇਮਾਰਤਾਂ, ਸੜਕਾਂ ਅਤੇ ਸਥਾਨਕ ਬੁਨਿਆਦੀ ਢਾਂਚਾ ਖ਼ਤਰੇ ਵਿੱਚ ਪੈ ਰਿਹਾ ਹੈ। ਜੰਗਲੀ ਜੀਵਾਂ, ਖ਼ਾਸ ਕਰਕੇ ਪੋਲਰ ਭਾਲੂਆਂ ਅਤੇ ਸੀਲਾਂ ਦੀ ਗਿਣਤੀ ਘਟ ਰਹੀ ਹੈ। ਇਹ ਸਿਰਫ ਗਰੀਨਲੈਂਡ ਦੀ ਸਮੱਸਿਆ ਨਹੀਂ, ਸਗੋਂ ਪੂਰੀ ਧਰਤੀ ਲਈ ਚਿਤਾਵਣੀ ਹੈ।
ਆਰਥਿਕ ਅਤੇ ਸਮਾਜਿਕ ਹਕੀਕਤਾਂ
ਗਰੀਨਲੈਂਡ ਦੀ ਅਰਥਵਿਵਸਥਾ ਮੁੱਖ ਤੌਰ ’ਤੇ ਮੱਛੀਆਂ ਫੜਨ ਅਤੇ ਸੈਲਾਨੀ ਉਦਯੋਗ ’ਤੇ ਨਿਰਭਰ ਹੈ। ਜਲਵਾਯੂ ਤਬਦੀਲੀ ਨਾਲ ਮੱਛੀਆਂ ਦੇ ਰੂਟ ਬਦਲ ਰਹੇ ਹਨ, ਜਿਸ ਨਾਲ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਖਣਿਜ ਸਰੋਤਾਂ ਦੀ ਖੋਜ ਇੱਕ ਪਾਸੇ ਆਰਥਿਕ ਵਿਕਾਸ ਦਾ ਮੌਕਾ ਹੈ, ਪਰ ਦੂਜੇ ਪਾਸੇ ਵਾਤਾਵਰਣੀ ਨੁਕਸਾਨ ਅਤੇ ਵਿਦੇਸ਼ੀ ਦਖ਼ਲ ਦਾ ਖ਼ਤਰਾ ਵੀ ਲਿਆਉਂਦੀ ਹੈ।
ਸਮਾਜਿਕ ਤੌਰ ’ਤੇ ਗਰੀਨਲੈਂਡ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉੱਚ ਸੁਆਸਾਈਡ ਦਰਾਂ, ਨਸ਼ਿਆਂ ਦੀ ਸਮੱਸਿਆ ਅਤੇ ਸਿਹਤ ਸਹੂਲਤਾਂ ਦੀ ਘਾਟ। ਇਹ ਸਭ ਦਰਸਾਉਂਦਾ ਹੈ ਕਿ ਸਿਰਫ ਭੂ-ਰਾਜਨੀਤਿਕ ਮਹੱਤਤਾ ਹੀ ਨਹੀਂ, ਸਗੋਂ ਮਨੁੱਖੀ ਵਿਕਾਸ ਵੀ ਗਰੀਨਲੈਂਡ ਲਈ ਵੱਡਾ ਮੁੱਦਾ ਹੈ।
ਤੀਜੇ ਵਿਸ਼ਵ ਯੁੱਧ ਦੀ ਛਾਂ ਹੇਠ
ਜਦੋਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਰੂਸ-ਯੂਕਰੇਨ ਜੰਗ, ਮਿਡਲ ਈਸਟ ਦਾ ਸੰਘਰਸ਼, ਤਾਈਵਾਨ ’ਤੇ ਚੀਨ ਦਾ ਦਬਾਅ ਅਤੇ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਵਧ ਰਿਹਾ ਹੈ, ਤਦ ਗਰੀਨਲੈਂਡ ਦਾ ਮਸਲਾ ਇੱਕ ਹੋਰ ਚਿੰਗਾਰੀ ਸਾਬਤ ਹੋ ਸਕਦਾ ਹੈ। ਜੇ ਵਿਸ਼ਵ ਤਾਕਤਾਂ ਨੇ ਸਬਰ ਅਤੇ ਕੂਟਨੀਤੀ ਦੀ ਥਾਂ ਜਬਰ ਦੀ ਰਾਹ ਅਪਣਾਇਆ ਤਾਂ ਇਹ ਸਿਰਫ ਇੱਕ ਟਾਪੂ ਦੀ ਲੜਾਈ ਨਹੀਂ ਰਹੇਗੀ।
ਮੁੱਕਦੀ ਗੱਲ: ਗਰੀਨਲੈਂਡ ਦੀ ਆਵਾਜ਼ ਕੌਣ ਸੁਣੇਗਾ?
ਗਰੀਨਲੈਂਡ ਅੱਜ ਆਪਣੀ ਹੋਂਦ ਲਈ ਜੂਝ ਰਿਹਾ ਹੈ। ਇੱਕ ਪਾਸੇ ਵਿਸ਼ਵ ਤਾਕਤਾਂ ਦਾ ਲਾਲਚ, ਦੂਜੇ ਪਾਸੇ ਜਲਵਾਯੂ ਤਬਦੀਲੀ ਦੀ ਤਬਾਹੀ ਅਤੇ ਅੰਦਰੂਨੀ ਸਮਾਜਿਕ ਚੁਣੌਤੀਆਂ। ਸਵਾਲ ਇਹ ਨਹੀਂ ਕਿ ਗਰੀਨਲੈਂਡ ਕਿਸਦੇ ਕਬਜ਼ੇ ਵਿੱਚ ਹੋਵੇਗਾ, ਸਵਾਲ ਇਹ ਹੈ ਕਿ ਗਰੀਨਲੈਂਡ ਦੇ ਲੋਕਾਂ ਨੂੰ ਆਪਣਾ ਭਵਿੱਖ ਖੁਦ ਚੁਣਨ ਦਾ ਅਧਿਕਾਰ ਮਿਲੇਗਾ ਜਾਂ ਨਹੀਂ।
ਇਹ ਕਹਿਣਾ ਲਾਜ਼ਮੀ ਹੈ ਕਿ ਤਾਕਤ ਦੀ ਰਾਜਨੀਤੀ ਨੇ ਜੇਕਰ ਮਨੁੱਖੀ ਇੱਛਾ ਅਤੇ ਵਾਤਾਵਰਣੀ ਸੰਤੁਲਨ ਨੂੰ ਨਜ਼ਰਅੰਦਾਜ਼ ਕੀਤਾ ਤਾਂ ਗਰੀਨਲੈਂਡ ਸਿਰਫ ਇੱਕ ਟਾਪੂ ਨਹੀਂ ਰਹੇਗਾ, ਇਹ ਵਿਸ਼ਵ ਅਮਨ ਦੀ ਕਸੌਟੀ ਬਣ ਜਾਵੇਗਾ।
















