ਨੇਪਾਲ ਹੜ੍ਹ ਤ੍ਰਾਸਦੀ: ਮੌਤਾਂ ਦੀ ਗਿਣਤੀ 392 ਤੱਕ ਪਹੁੰਚੀ, 290 ਭਾਰਤੀ ਅਜੇ ਵੀ ਲਾਪਤਾ
ਨੇਪਾਲ-ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਉੱਤਰੀ ਨੇਪਾਲ ਦੇ ਕਈ ਇਲਾਕਿਆਂ ਵਿੱਚ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ।ਰਿਪੋਰਟ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਕੇ 392 ਹੋ ਗਈ ਹੈ, ਜਦਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ।ਬਚਾਅ ਟੀਮਾਂ ਚਿੱਕੜ ਨਾਲ ਭਰੀਆਂ ਘਾਟੀਆਂ ਅਤੇ ਪਹਾੜੀ ਇਲਾਕਿਆਂ ਵਿੱਚ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ 290 ਭਾਰਤੀ ਅਜੇ ਵੀ ਲਾਪਤਾ ਹਨ।ਇਸ ਤੋਂ ਇਲਾਵਾ ਕਰੀਬ 200 ਭਾਰਤੀ ਚੀਨ-ਨੇਪਾਲ ਸਰਹੱਦ ਦੇ ਚੀਨੀ ਪਾਸੇ ਫਸੇ ਹੋਏ ਹਨ।ਭਾਰਤ ਵੱਲੋਂ ਨੇਪਾਲ ਅਤੇ ਚੀਨ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕਰਕੇ ਬਚਾਅ ਕਾਰਜਾਂ ਵਿੱਚ ਤਾਲਮੇਲ ਕੀਤਾ ਜਾ ਰਿਹਾ ਹੈ।ਨੇਪਾਲੀ ਫੌਜ ਅਤੇ ਸੁਰੱਖਿਆ ਬਲਾਂ ਨੇ ਖੋਜ ਅਤੇ ਬਚਾਅ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਇਸੇ ਦੌਰਾਨ ਇੱਕ ਹੋਰ ਵੱਡਾ ਖਤਰਾ ਵੀ ਸਾਹਮਣੇ ਆਇਆ ਹੈ।ਚੀਨੀ ਅਧਿਕਾਰੀਆਂ ਨੇ ਤਿੱਬਤ ਵਾਲੇ ਪਾਸੇ ਇੱਕ ਵੱਡੀ ਝੀਲ ਬਣਨ ਬਾਰੇ ਨੇਪਾਲ ਨੂੰ ਚਿਤਾਵਨੀ ਦਿੱਤੀ ਹੈ।
ਇਸ ਝੀਲ ਨੂੰ ‘ਬੈਰੀਅਰ ਲੇਕ’ ਦੱਸਿਆ ਗਿਆ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਨਵੇਂ ਹੜ੍ਹ ਦਾ ਖਤਰਾ ਬਣ ਸਕਦਾ ਹੈ।ਇਸ ਚਿਤਾਵਨੀ ਤੋਂ ਬਾਅਦ ਤ੍ਰਿਸ਼ੂਲੀ ਦਰਿਆ ਦੇ ਦੋਵੇਂ ਪਾਸਿਆਂ ਰਹਿੰਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਅਤੇ ਹਾਲਾਤ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ।ਤਬਾਹੀ ਦੇ ਪੱਧਰ ਨੂੰ ਦੇਖਦਿਆਂ ਬਚਾਅ ਏਜੰਸੀਆਂ ਲਈ ਹਰ ਘੰਟਾ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ।
















