ਚੇਨਈ ਦੇ ਦੂਜੇ ਹਵਾਈ ਅੱਡੇ ਲਈ ਪਰੰਦੂਰ ਦੀ ਯੋਜਨਾ ਰੱਦ, ਨਵੀਂ ਥਾਂ ਦੀ ਹੋਵੇਗੀ ਚੋਣ
ਚੇਨਈ: ਤਾਮਿਲਨਾਡੂ ਸਰਕਾਰ ਨੇ ਚੇਨਈ ਲਈ ਪ੍ਰਸਤਾਵਿਤ ਦੂਜੇ ਹਵਾਈ ਅੱਡੇ ਨੂੰ ਪਰੰਦੂਰ ਵਿੱਚ ਬਣਾਉਣ ਦੀ ਯੋਜਨਾ ਰੱਦ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਿਜੇ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਹਵਾਈ ਅੱਡੇ ਲਈ ਅਜਿਹੀ ਨਵੀਂ ਥਾਂ ਦੀ ਚੋਣ ਕੀਤੀ ਜਾਵੇਗੀ, ਜਿੱਥੇ ਸਥਾਨਕ ਲੋਕਾਂ ਵੱਲੋਂ ਕੋਈ ਵਿਰੋਧ ਨਾ ਹੋਵੇ।ਮੁੱਖ ਮੰਤਰੀ ਵਿਜੇ ਮੁਤਾਬਕ ਨਵੀਂ ਥਾਂ ਦੀ ਚੋਣ ਕਰਨ ਤੋਂ ਪਹਿਲਾਂ ਮਾਹਿਰਾਂ ਦੀਆਂ ਟੀਮਾਂ ਵੱਲੋਂ ਤਕਨੀਕੀ ਸੰਭਾਵਨਾਵਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਰੰਦੂਰ ਪ੍ਰਾਜੈਕਟ ਨੂੰ ਰੱਦ ਕਰਨ ਦਾ ਮੁੱਖ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਜਾੜਨ ਤੋਂ ਬਚਾਉਣਾ ਅਤੇ ਖੇਤਰ ਦੀ ਖੇਤੀਬਾੜੀ ਜ਼ਮੀਨ ਦੀ ਰੱਖਿਆ ਕਰਨਾ ਹੈ।ਵਿਜੇ ਨੇ ਪਿਛਲੀ ਡੀਐੱਮਕੇ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਡੀ ਆਬਾਦੀ ਵਾਲੇ ਇਲਾਕੇ ਵਿੱਚ ਹਵਾਈ ਅੱਡਾ ਬਣਾਉਣ ਦੀ ਯੋਜਨਾ ਬਣਾਉਣਾ ਠੀਕ ਫ਼ੈਸਲਾ ਨਹੀਂ ਸੀ।ਤਤਕਾਲੀ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ 2 ਅਗਸਤ 2022 ਨੂੰ ਪਰੰਦੂਰ ਵਿੱਚ ਚੇਨਈ ਦਾ ਦੂਜਾ ਹਵਾਈ ਅੱਡਾ ਬਣਾਉਣ ਦਾ ਐਲਾਨ ਕੀਤਾ ਸੀ। ਇਸ ਪ੍ਰਾਜੈਕਟ ’ਤੇ ਲਗਭਗ 20,000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਸੀ ਅਤੇ ਹਵਾਈ ਅੱਡੇ ਦੀ ਸਾਲਾਨਾ ਸਮਰੱਥਾ ਕਰੀਬ 10 ਕਰੋੜ ਯਾਤਰੀਆਂ ਦੀ ਰੱਖੀ ਗਈ ਸੀ।
ਪਰੰਦੂਰ ਚੇਨਈ ਤੋਂ ਲਗਭਗ 60 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਪ੍ਰਾਜੈਕਟ ਦੇ ਐਲਾਨ ਤੋਂ ਬਾਅਦ ਪਰੰਦੂਰ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਲੰਮੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕੀਤੇ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਹਵਾਈ ਅੱਡੇ ਦੇ ਪ੍ਰਾਜੈਕਟ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਖੇਤੀਬਾੜੀ ਜ਼ਮੀਨ ਪ੍ਰਭਾਵਿਤ ਹੋਵੇਗੀ।ਜਨਵਰੀ 2025 ਵਿੱਚ ਵਿਜੇ ਨੇ ਵੀ ਪਰੰਦੂਰ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਸੀ।ਹੁਣ ਸਰਕਾਰ ਵੱਲੋਂ ਹਵਾਈ ਅੱਡੇ ਲਈ ਨਵੀਂ ਥਾਂ ਦੀ ਭਾਲ ਕੀਤੀ ਜਾਵੇਗੀ ਅਤੇ ਇਸ ਵਾਰ ਸਥਾਨਕ ਲੋਕਾਂ ਦੀ ਸਹਿਮਤੀ ਨੂੰ ਵੀ ਅਹਿਮੀਅਤ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
ਮੁੱਖ ਮੰਤਰੀ ਵਿਜੇ ਨੇ ਵਿਧਾਨ ਸਭਾ ਵਿੱਚ ‘ਅੰਨਪੂਰਣੀ ਸੁਪਰ ਸਿਕਸ’ ਯੋਜਨਾ ਦਾ ਵੀ ਐਲਾਨ ਕੀਤਾ। ਇਸ ਤਹਿਤ ਤਾਮਿਲਨਾਡੂ ਦੇ ਹਰ ਪਰਿਵਾਰ ਨੂੰ ਪੋਂਗਲ ਤੋਂ, ਯਾਨੀ 14 ਜਨਵਰੀ ਤੋਂ, ਮੁਫ਼ਤ ਐਲਪੀਜੀ ਸਿਲੰਡਰ ਦੇਣ ਦੀ ਗੱਲ ਕਹੀ ਗਈ ਹੈ।ਸਰਕਾਰ ਇਸ ਯੋਜਨਾ ਤਹਿਤ ਤਿੰਨ ਸਿਲੰਡਰਾਂ ਦੀ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏਗੀ।ਇਸ ਯੋਜਨਾ ਲਈ ਹਰ ਸਾਲ 4,000 ਕਰੋੜ ਰੁਪਏ ਦਾ ਬਜਟ ਰੱਖਿਆ ਜਾਵੇਗਾ ਅਤੇ ਲਗਭਗ 1 ਕਰੋੜ 30 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ।ਖਾਸ ਤੌਰ ’ਤੇ 2.5 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ, ਛੋਟੇ ਅਤੇ ਸੀਮਾਂਤ ਕਿਸਾਨਾਂ, ਦਿਵਿਆਂਗ ਮੈਂਬਰਾਂ ਵਾਲੇ ਪਰਿਵਾਰਾਂ ਅਤੇ ਹੋਰ ਕਮਜ਼ੋਰ ਵਰਗਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
















