ਕੈਨੇਡਾ ’ਚ 30 ਹਜ਼ਾਰ ਪਾਵਰ ਬੈਂਕ ਵਾਪਸ ਮੰਗਵਾਏ, ਅੱਗ ਲੱਗਣ ਦਾ ਖ਼ਤਰਾ CANADA
ਓਟਵਾ-ਹੈਲਥ ਕੈਨੇਡਾ ਨੇ ਕੈਨੇਡਾ ਭਰ ਵਿੱਚ ਵਿਕੇ ਲਗਭਗ 30,000 ਐਕਸ ਓ ਪੌਪੀ 5000 ਮਾਹ ਮੈਸੇਜ ਪਾਵਰ ਬੈਂਕਸ ਨੂੰ ਅੱਗ ਲੱਗਣ ਦੇ ਖ਼ਤਰੇ ਕਾਰਨ ਵਾਪਸ ਮੰਗਵਾਇਆ ਹੈ। ਇਹ ਪਾਵਰ ਬੈਂਕ ਹੋਮਸੈਂਸ, ਵਿਨਰਜ਼ ਅਤੇ ਮਾਰਸ਼ਲਜ਼ ਸਟੋਰਾਂ ’ਤੇ ਵੇਚੇ ਗਏ ਸਨ। ਹੈਲਥ ਕੈਨੇਡਾ ਮੁਤਾਬਕ ਪਾਵਰ ਬੈਂਕ ਵਿੱਚ ਲੱਗੀ ਲਿਥੀਅਮ-ਆਇਨ ਬੈਟਰੀ ਚਾਰਜਿੰਗ ਦੌਰਾਨ ਜ਼ਿਆਦਾ ਗਰਮ ਹੋ ਕੇ ਪੋਰਟ ਨੇੜੇ ਪਿਘਲ ਸਕਦੀ ਹੈ, ਜਿਸ ਨਾਲ ਅੱਗ ਲੱਗਣ ਅਤੇ ਸੜਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਪਾਵਰ ਬੈਂਕ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਵਿੱਚ ਉਪਲਬਧ ਸਨ ਅਤੇ ਇਨ੍ਹਾਂ ਨਾਲ ਯੂਐਸਬੀ-ਸੀ ਚਾਰਜਿੰਗ ਕੇਬਲ ਵੀ ਦਿੱਤੀ ਜਾਂਦੀ ਸੀ। ਇਹ ਉਤਪਾਦ ਮਈ 2024 ਤੋਂ ਮਾਰਚ 2026 ਤੱਕ ਕੈਨੇਡਾ ਵਿੱਚ ਵੇਚੇ ਗਏ ਸਨ ਅਤੇ ਵੀਅਤਨਾਮ ਵਿੱਚ ਤਿਆਰ ਕੀਤੇ ਗਏ ਸਨ। 11 ਅਗਸਤ 2026 ਤੱਕ ਕੈਨੇਡਾ ਵਿੱਚ ਇਸ ਉਤਪਾਦ ਕਾਰਨ ਕਿਸੇ ਘਟਨਾ ਜਾਂ ਸੱਟ ਦੀ ਰਿਪੋਰਟ ਨਹੀਂ ਹੋਈ ਸੀ। ਹੈਲਥ ਕੈਨੇਡਾ ਨੇ ਖਪਤਕਾਰਾਂ ਨੂੰ ਤੁਰੰਤ ਰੀਕਾਲ ਕੀਤੇ ਪਾਵਰ ਬੈਂਕਾਂ ਦੀ ਵਰਤੋਂ ਬੰਦ ਕਰਨ ਅਤੇ ਰਿਫੰਡ ਲਈ ਉਨ੍ਹਾਂ ਨੂੰ ਕਿਸੇ ਵੀ ਹੋਮਸੈਂਸ, ਵਿਨਰਜ਼ ਅਤੇ ਮਾਰਸ਼ਲਜ਼ ਸਟੋਰ ’ਤੇ ਵਾਪਸ ਕਰਨ ਦੀ ਸਲਾਹ ਦਿੱਤੀ ਹੈ। ਪ੍ਰਭਾਵਿਤ ਮਾਡਲਾਂ ਦੀ ਪੂਰੀ ਸੂਚੀ ਲਈ ਖਪਤਕਾਰ ਰੀਕਾਲ ਨੋਟਿਸ ਦੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੀਜੇਐਕਸ ਕੈਨੇਡਾ ਦੇ ਟੋਲ-ਫ੍ਰੀ ਨੰਬਰ 1-800-646-9466 ’ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
















