ਕੈਲਗਰੀ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ ਪਾਣੀ ਵਿੱਚ ਫਸੇ ਲੋਕਾਂ ਦੇ ਬਚਾਅ ਲਈ ਵੱਧ ਕਾਲਾਂ

ਕੈਲਗਰੀ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ ਪਾਣੀ ਵਿੱਚ ਫਸੇ ਲੋਕਾਂ ਦੇ ਬਚਾਅ ਲਈ ਵੱਧ ਕਾਲਾਂ

ਕੈਲਗਰੀ-ਬੋਅ ਅਤੇ ਐਲਬੋ ਦਰਿਆਵਾਂ ਲਈ ਜਾਰੀ ਸੁਰੱਖਿਆ ਚੇਤਾਵਨੀਆਂ ਹਟਣ ਤੋਂ ਬਾਅਦ ਕੈਲਗਰੀ ਵਿੱਚ ਦਰਿਆਈ ਗਤੀਵਿਧੀਆਂ ਮੁੜ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਕੈਲਗਰੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਹੈ ਕਿ 2026 ਦੀਆਂ ਗਰਮੀਆਂ ਦੌਰਾਨ ਹੁਣ ਤੱਕ ਪਾਣੀ ਵਿੱਚ ਬਚਾਅ ਲਈ ਮਿਲੀਆਂ ਐਮਰਜੈਂਸੀ ਕਾਲਾਂ ਦੀ ਗਿਣਤੀ 2025 ਦੇ ਮੁਕਾਬਲੇ ਵੱਧ ਰਹੀ ਹੈ।

ਫਾਇਰ ਵਿਭਾਗ ਦੇ ਸਹਾਇਕ ਡਿਪਟੀ ਚੀਫ਼ ਜੇਮਜ਼ ਡੌਚਰਟੀ ਨੇ ਕਿਹਾ ਕਿ ਇਸ ਸਾਲ ਦਰਿਆਵਾਂ ਵਿੱਚ ਲੋਕਾਂ ਦੀ ਆਵਾਜਾਈ ਵਧੀ ਹੈ, ਜਿਸ ਕਾਰਨ ਵਾਟਰ ਰੈਸਕਿਊ ਟੀਮਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਦਦ ਲਈ ਸੱਦੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਰੁਝਾਨ ਦੇਖਦੇ ਹੋਏ ਇਸ ਸਾਲ ਪਿਛਲੇ ਸਾਰੇ ਰਿਕਾਰਡ ਵੀ ਟੁੱਟ ਸਕਦੇ ਹਨ।

ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਬੋਅ ਦਰਿਆ ਭਾਵੇਂ ਉੱਪਰੋਂ ਸ਼ਾਂਤ ਦਿਖਾਈ ਦਿੰਦਾ ਹੈ, ਪਰ ਇਸ ਦਾ ਪਾਣੀ ਤੇਜ਼ ਵਹਾਅ, ਭੰਵਰਾਂ ਅਤੇ ਅਚਾਨਕ ਬਦਲਣ ਵਾਲੀਆਂ ਸਥਿਤੀਆਂ ਕਾਰਨ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ। ਬਿਨਾਂ ਯੋਜਨਾ, ਸਹੀ ਸੁਰੱਖਿਆ ਸਾਜ਼ੋ-ਸਾਮਾਨ ਅਤੇ ਲੋੜੀਂਦੀ ਤਿਆਰੀ ਦੇ ਪਾਣੀ ਵਿੱਚ ਜਾਣਾ ਜਾਨਲੇਵਾ ਸਾਬਤ ਹੋ ਸਕਦਾ ਹੈ।

ਲੇਜ਼ੀ ਡੇ ਰਾਫਟ ਰੈਂਟਲਜ਼ ਦੇ ਮਾਲਕ ਆਰਲਿਨ ਫ੍ਰੀਜ਼ਨ ਨੇ ਕਿਹਾ ਕਿ ਜ਼ਿਆਦਾਤਰ ਲੋਕ ਲਾਈਫ ਜੈਕਟ ਪਾ ਕੇ ਨਿਯਮਾਂ ਦੀ ਪਾਲਣਾ ਕਰਦੇ ਹਨ, ਪਰ ਕੁਝ ਲੋਕ ਜਾਣ-ਬੁੱਝ ਕੇ ਪੁਲਾਂ ਦੇ ਖੰਭਿਆਂ ਦੇ ਨੇੜੇ ਰਾਫਟ ਲੈ ਜਾਂਦੇ ਹਨ। ਇਸ ਕਾਰਨ ਕਿਸ਼ਤੀ ਪਲਟ ਸਕਦੀ ਹੈ ਅਤੇ ਲੋਕਾਂ ਨੂੰ ਬਚਾਉਣ ਲਈ ਐਮਰਜੈਂਸੀ ਟੀਮਾਂ ਨੂੰ ਬੁਲਾਉਣਾ ਪੈਂਦਾ ਹੈ।ਇਸ ਦੌਰਾਨ ਨੈਸ਼ਨਲ ਡੁੱਬਣ ਰੋਕਥਾਮ ਹਫ਼ਤੇ ਮੌਕੇ ਅਲਬਰਟਾ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਪਾਣੀ ਵਿੱਚ ਸੁਰੱਖਿਆ ਸੰਬੰਧੀ ਅਹਿਮ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।