ਬਰਨਾਾਬੀ ਅਧਿਆਪਕਾਂ ਲਈ ਪਿਛਲਾ ਬਕਾਇਆ ਵੇਤਨ—ਸੂਬਾ ਸਰਕਾਰ ਵੱਲੋਂ $9.8 ਮਿਲੀਅਨ ਦੀ ਮਦਦ ਦਾ ਐਲਾਨ
ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਬਰਨਾਾਬੀ ਸਕੂਲ ਜ਼ਿਲ੍ਹੇ ਨੂੰ ਅਧਿਆਪਕਾਂ ਦੇ ਪਿਛਲੇ ਬਕਾਇਆ ਵੇਤਨ (ਰੇਟ੍ਰੋਐਕਟਿਵ ਪੇ) ਲਈ ਲਗਭਗ 9.77 ਮਿਲੀਅਨ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਕ ਮੱਧਸਥ (ਅਰਬਿਟਰੇਟਰ) ਨੇ ਹੁਕਮ ਦਿੱਤਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ 1 ਜੁਲਾਈ 2022 ਤੋਂ ਬਾਅਦ ਨੌਕਰੀ ਸ਼ੁਰੂ ਕਰਨ ਵਾਲੇ ਨਵੇਂ ਅਧਿਆਪਕਾਂ ਨੂੰ ਕਰੀਬ 9.4 ਮਿਲੀਅਨ ਡਾਲਰ ਬਕਾਇਆ ਦੇਣਾ ਪਵੇਗਾ।
ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਲੀਸਾ ਬੀਅਰ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਚ ਸਕੂਲ ਬੋਰਡ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਫੰਡਿੰਗ ਦੀ ਅੰਤਿਮ ਗਿਣਤੀ 17 ਅਪ੍ਰੈਲ ਨੂੰ ਸਰਕਾਰ ਨੂੰ ਸੌਂਪੀ ਗਈ ਸੀ, ਜਿਸ ਤੋਂ ਬਾਅਦ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਇਹ ਮਦਦ ਮੁਹੱਈਆ ਕਰਵਾਈ ਗਈ।
ਉਨ੍ਹਾਂ ਕਿਹਾ, “ਸਰਕਾਰੀ ਧਨ ਦੇ ਵਰਤੋਂ ਵਿੱਚ ਪੂਰੀ ਜਾਂਚ ਅਤੇ ਪਾਰਦਰਸ਼ਤਾ ਬਹੁਤ ਜ਼ਰੂਰੀ ਹੁੰਦੀ ਹੈ, ਇਸ ਲਈ ਸਾਰੇ ਕਦਮ ਨਿਯਮਾਂ ਅਨੁਸਾਰ ਲਏ ਗਏ ਹਨ।”ਬਰਨਾਾਬੀ ਸਕੂਲ ਬੋਰਡ ਦਾ ਮਤ ਹੈ ਕਿ ਇਹ ਖਰਚਾ 2022 ਦੇ ਸਮਝੌਤੇ ਸਮੇਂ ਹੀ ਪੂਰੀ ਤਰ੍ਹਾਂ ਫੰਡ ਕੀਤਾ ਜਾਣਾ ਚਾਹੀਦਾ ਸੀ।ਇਸ ਤੋਂ ਪਹਿਲਾਂ, ਬੋਰਡ ਆਫ ਐਜੂਕੇਸ਼ਨ ਦੀ ਚੇਅਰ ਕਰਿਸਟਿਨ ਸ਼ਨਾਈਡਰ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਇਹ ਰਕਮ ਜ਼ਿਲ੍ਹੇ ਨੂੰ ਖੁਦ ਦੇਣੀ ਪਈ ਤਾਂ ਇਸ ਨਾਲ ਸਕੂਲ ਪ੍ਰਣਾਲੀ ’ਤੇ ਭਾਰੀ ਅਸਰ ਪੈ ਸਕਦਾ ਹੈ। ਉਨ੍ਹਾਂ ਮੁਤਾਬਕ, ਇਹ ਰਕਮ 2025-26 ਦੇ ਬਜਟ ਵਿੱਚ ਕੀਤੀਆਂ 4.2 ਮਿਲੀਅਨ ਡਾਲਰ ਦੀਆਂ ਕਟੌਤੀਆਂ ਤੋਂ ਵੀ ਦੋਗੁਣੀ ਹੈ।ਇਸ ਫੈਸਲੇ ਨਾਲ 800 ਤੋਂ ਵੱਧ ਉਹ ਅਧਿਆਪਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੇ ਜ਼ਿਲ੍ਹੇ ਵਿੱਚ ਆਪਣੀ ਨੌਕਰੀ ਦੇ ਪਹਿਲੇ ਸਾਲ ਦੌਰਾਨ ਕੰਮ ਕੀਤਾ ਅਤੇ ਹੁਣ ਇਹ ਸਾਬਤ ਹੋਇਆ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਇੱਕ ਸਤਰ ਉੱਚੇ ਵੇਤਨ ਸਕੇਲ ’ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਸੀ।
















