ਅਲਬਰਟਾ ਵਿੱਚ ਗਣਿਤ ਅਤੇ ਪੜ੍ਹਨ ਵਿੱਚ ਪਿੱਛੇ ਰਹਿ ਰਹੇ ਵਿਦਿਆਰਥੀਆਂ ਲਈ ਵਧੇਗੀ ਮਦਦ
Alberta is expanding its math and reading screening program to Grades 4 and 5 in the 2026–27 school year. The government will invest $20 million to identify students who are falling behind early and provide them with additional learning support.
ਐਡਮੰਟਨ-ਅਲਬਰਟਾ ਸਰਕਾਰ ਨੇ ਨਵੇਂ ਸਕੂਲੀ ਸਾਲ ਦੌਰਾਨ ਗਣਿਤ ਅਤੇ ਪੜ੍ਹਨ ਵਿੱਚ ਪਿੱਛੇ ਰਹਿ ਰਹੇ ਵਿਦਿਆਰਥੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਵਾਧੂ ਸਹਾਇਤਾ ਦੇਣ ਲਈ ਸਕ੍ਰੀਨਿੰਗ ਪ੍ਰੋਗਰਾਮ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ।2026-27 ਸਕੂਲੀ ਸਾਲ ਤੋਂ ਇਹ ਪ੍ਰੋਗਰਾਮ ਚੌਥੀ ਅਤੇ ਪੰਜਵੀਂ ਜਮਾਤ ਤੱਕ ਵਧਾਇਆ ਜਾਵੇਗਾ। ਇਸ ਤੋਂ ਪਹਿਲਾਂ ਕਿੰਡਰਗਾਰਟਨ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪੜ੍ਹਨ ਅਤੇ ਗਣਿਤ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ।
ਸਰਕਾਰ ਨੇ ਇਸ ਪ੍ਰੋਗਰਾਮ ਅਤੇ ਵਿਦਿਆਰਥੀਆਂ ਲਈ ਸਹਾਇਤਾ ਉੱਤੇ 2026-27 ਵਿੱਚ 2 ਕਰੋੜ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 60 ਫ਼ੀਸਦੀ ਤੋਂ ਵੱਧ ਹੈ।ਸਕ੍ਰੀਨਿੰਗ ਦੇ ਸ਼ੁਰੂਆਤੀ ਨਤੀਜਿਆਂ ਅਨੁਸਾਰ, ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਵਾਧੂ ਸਹਾਇਤਾ ਦੀ ਲੋੜ ਵਾਲਾ ਮੰਨਿਆ ਗਿਆ ਸੀ, ਉਨ੍ਹਾਂ ਵਿੱਚੋਂ 30 ਤੋਂ 41 ਫ਼ੀਸਦੀ ਵਿਦਿਆਰਥੀ ਇੱਕ ਸਾਲ ਬਾਅਦ ਦੁਬਾਰਾ ਕੀਤੀ ਗਈ ਜਾਂਚ ਦੌਰਾਨ ਵਾਧੂ ਸਹਾਇਤਾ ਦੀ ਸ਼੍ਰੇਣੀ ਵਿੱਚ ਨਹੀਂ ਰਹੇ।
ਪਤਝੜ 2025 ਦੌਰਾਨ ਲਗਭਗ 1 ਲੱਖ 47 ਹਜ਼ਾਰ 500 ਵਿਦਿਆਰਥੀਆਂ ਦਾ ਪੜ੍ਹਨ ਅਤੇ 1 ਲੱਖ 61 ਹਜ਼ਾਰ ਵਿਦਿਆਰਥੀਆਂ ਦਾ ਗਣਿਤ ਲਈ ਸਕ੍ਰੀਨਿੰਗ ਡਾਟਾ ਪ੍ਰਾਪਤ ਕੀਤਾ ਗਿਆ ਸੀ।ਨਵੇਂ ਨਿਯਮਾਂ ਤਹਿਤ ਹੁਣ ਸਕੂਲਾਂ ਲਈ ਸਕ੍ਰੀਨਿੰਗ ਦੇ ਨਤੀਜੇ ਮਾਪਿਆਂ ਨਾਲ ਸਾਂਝੇ ਕਰਨਾ ਅਤੇ ਸਰਕਾਰ ਨੂੰ ਡਾਟਾ ਦੇਣਾ ਲਾਜ਼ਮੀ ਹੋਵੇਗਾ। ਜਿਨ੍ਹਾਂ ਬੱਚਿਆਂ ਨੂੰ ਪੜ੍ਹਨ ਜਾਂ ਗਣਿਤ ਵਿੱਚ ਮੁਸ਼ਕਲ ਪਾਈ ਜਾਵੇਗੀ, ਉਨ੍ਹਾਂ ਲਈ ਲੋੜੀਂਦੀ ਵਾਧੂ ਸਹਾਇਤਾ ਮੁਹੱਈਆ ਕਰਵਾਉਣੀ ਵੀ ਜ਼ਰੂਰੀ ਹੋਵੇਗੀ।ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਬੱਚਿਆਂ ਦੀਆਂ ਸਿੱਖਣ ਸਬੰਧੀ ਕਮੀਆਂ ਦੀ ਸ਼ੁਰੂਆਤੀ ਪੜਾਅ 'ਤੇ ਪਛਾਣ ਹੋਵੇਗੀ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਹੋ ਰਹੀ ਤਰੱਕੀ ਬਾਰੇ ਵਧੇਰੇ ਸਪੱਸ਼ਟ ਜਾਣਕਾਰੀ ਮਿਲੇਗੀ।
















